ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 9 ਅਕਤੂਬਰ
ਸੰਗਰੂਰ ਪੁਲੀਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰ ਕੇ ਉਸਦੇ ਕਬਜ਼ੇ ਵਿੱਚੋਂ 3 ਕਿਲੋ 500 ਗ੍ਰਾਮ ਅਫ਼ੀਮ ਬਰਾਮਦ ਕੀਤੀ ਗਈ ਹੈ ਜਿਸ ਖ਼ਿਲਾਫ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਕੇ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਨਸ਼ਾ ਤਸਕਰੀ ਦੇ ਤਿੰਨ ਕੇਸ ਵੱਖ-ਵੱਖ ਪੁਲੀਸ ਥਾਣਿਆਂ ਵਿੱਚ ਦਰਜ ਹਨ ਜੋ ਕਿ ਇੱਕ ਕੇਸ ਵਿੱਚ 12 ਸਾਲ ਦੀ ਸਜ਼ਾ ਵੀ ਕੱਟ ਰਿਹਾ ਹੈ ਅਤੇ ਹੁਣ ਜ਼ਮਾਨਤ ’ਤੇ ਆਇਆ ਹੋਇਆ ਸੀ। ਐੱਸ.ਪੀ. (ਡੀ) ਪਲਵਿੰਦਰ ਸਿੰਘ ਚੀਮਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ.ਆਈ.ਏ. ਸਟਾਫ਼ ਬਹਾਦਰ ਸਿੰਘ ਵਾਲਾ ਦੇ ਇੰਚਾਰਜ ਇੰਸਪੈਕਟਰ ਦੀਪਇੰਦਰਪਾਲ ਸਿੰਘ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਸਮੇਤ ਪੁਲੀਸ ਪਾਰਟੀ ਗਸ਼ਤ ਦੌਰਾਨ ਬੱਸ ਅੱਡਾ ਮਕੋਰੜ ਸਾਹਿਬ ਟੀ ਪੁਆਇੰਟ ਹਮੀਰਗੜ੍ਹ ਮੌਜੂਦ ਸੀ ਤਾਂ ਮਕੋਰੜ ਸਾਹਿਬ ਵਾਲੀ ਸਾਈਡ ਤੋਂ ਆ ਰਹੇ ਇੱਕ ਮੋਟਰਸਾਈਕਲ ਸਵਾਰ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਗਈ ਜਿਸਦੇ ਕਬਜ਼ੇ ਵਿੱਚੋਂ 3 ਕਿਲੋ 500 ਗ੍ਰਾਮ ਅਫ਼ੀਮ ਬਰਾਮਦ ਹੋਈ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਅਜੈਬ ਸਿੰਘ ਉਰਫ ਮੱਟ ਵਾਸੀ ਸਲੇਮਗੜ੍ਹ ਥਾਣਾ ਮੂਨਕ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਅਜੈਬ ਸਿੰਘ ਖ਼ਿਲਾਫ਼ ਪਹਿਲਾਂ ਵੀ ਨਸ਼ਾ ਤਸਕਰੀ ਦੇ ਵੱਖ-ਵੱਖ ਕੇਸ ਦਰਜ ਹਨ। ਥਾਣਾ ਮੂਨਕ ਵਿੱਚ 28-9-2010 ਨੂੰ ਐਨਡੀਪੀਐਸ ਐਕਟ ਤਹਿਤ ਦਰਜ ਇੱਕ ਕੇਸ ਵਿੱਚ ਅਦਾਲਤ ਵੱਲੋਂ ਅਜੈਬ ਸਿੰਘ ਨੂੰ 12 ਸਾਲਾਂ ਦੀ ਸਜ਼ਾ ਹੋਈ ਸੀ ਜਿਸ ਵਿੱਚੋਂ 14-5-2018 ਨੂੰ ਉਹ ਨਾਭਾ ਜੇਲ੍ਹ ’ਚੋਂ ਜ਼ਮਾਨਤ ’ਤੇ ਆਇਆ ਸੀ ਅਤੇ ਹੁਣ ਮੁੜ ਨਸ਼ਾ ਤਸਕਰੀ ਦੇ ਧੰਦੇ ਵਿੱਚ ਸਰਗਰਮ ਹੋ ਗਿਆ ਸੀ। ਮੁਲਜ਼ਮ ਅੱਠਵੀਂ ਪਾਸ ਹੈ ਜੋ ਕਿ ਖੇਤੀਬਾੜੀ ਤੇ ਸ਼ਟਰਿੰਗ ਦਾ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਅਫ਼ੀਮ ਕਿੱਥੋਂ ਖਰੀਦ ਕੇ ਲਿਆਇਆ ਅਤੇ ਕਿੱਥੇ ਵੇਚਣੀ ਸੀ। ਇਸ ਮੌਕੇ ਡੀਐੱਸਪੀ ਡੀ ਕਰਨ ਸਿੰਘ ਸੰਧੂ ਅਤੇ ਸੀਆਈਏ ਇੰਚਾਰਜ ਦੀਪਇੰਦਰਪਾਲ ਸਿੰਘ ਵੀ ਮੌਜੂਦ ਸਨ।
ਨਸ਼ੀਲੀਆਂ ਗੋਲੀਆਂ ਬਰਾਮਦ
ਸਮਾਣਾ: ਸਦਰ ਪੁਲੀਸ ਨੇ ਇੱਕ ਵਿਅਕਤੀ ਵੱਲੋਂ ਸੁੱਟੇ ਗਏ ਲਿਫ਼ਾਫ਼ੇ ’ਚੋਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਮੁਲਜ਼ਮ ਦੀ ਪਛਾਣ ਬੂਟਾ ਸਿੰਘ ਵਾਸੀ ਪਿੰਡ ਤੁਲੇਵਾਲ ਵਜੋਂ ਹੋਈ ਹੈ ਜੋ ਫ਼ਰਾਰ ਹੋ ਗਿਆ। ਸਦਰ ਪੁਲੀਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਏ ਐੱਸ ਆਈ ਨਿਸ਼ਾਨ ਸਿੰਘ ਪੁਲੀਸ ਪਾਰਟੀ ਸਣੇ ਪਿੰਡ ਤੁਲੇਵਾਲ ਨੇੜੇ ਗਸ਼ਤ ’ਤੇ ਸਨ ਕਿ ਪੈਦਲ ਆ ਰਿਹਾ ਉਕਤ ਵਿਅਕਤੀ ਪੁਲੀਸ ਨੂੰ ਦੇਖ ਕੇ ਹੱਥ ਵਿੱਚ ਫੜਿਆ ਲਿਫਾਫਾ ਸੁੱਟ ਕੇ ਫ਼ਰਾਰ ਹੋ ਗਿਆ। ਪੁਲੀਸ ਪਾਰਟੀ ਨੇ ਲਿਫਾਫੇ ਦੀ ਜਾਂਚ ਦੌਰਾਨ ਉਸ ਵਿੱਚੋਂ 480 ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ’ਤੇ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। -ਪੱਤਰ ਪ੍ਰੇਰਕ