ਖੇਤਰੀ ਪ੍ਰਤੀਨਿਧ
ਧੂਰੀ, 21 ਨਵੰਬਰ
ਧੂਰੀ ਦੇ ਵਿਧਾਇਕ ਦਲਵੀਰ ਸਿੰਘ ਗੋਲਡੀ ਸ਼ਹਿਰ ਦੇ ਵੱਖ-ਵੱਖ ਵਾਰਡਾਂ ਅੰਦਰ ਨਾਲੀਆਂ ਨੂੰ ਅੰਡਰ ਗਰਾਊਂਡ ਕਰਨ ਦੇ ਨਾਲ-ਨਾਲ ਹੋਰ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ, ਜਿਨ੍ਹਾਂ ਉੱਪਰ ਕਰੀਬ 30 ਕਰੋੜ ਖਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਧੂਰੀ ਸ਼ਹਿਰ ਪੰਜਾਬ ਪਹਿਲਾ ਐਸਾ ਸ਼ਹਿਰ ਹੈ, ਜਿੱਥੇ ਸਾਰੇ ਸਕੂਲਾਂ ਨੂੰ ਸਮਾਰਟ ਸਕੂਲ ਵਾਲੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਪਿੰਡਾਂ ਅੰਦਰ ਸਟੇਡੀਅਮ ਬਣਾਏ ਗਏ ਹਨ, ਉੱਥੇ ਹੁਣ ਸ਼ਹਿਰ ਅੰਦਰ ਔਰਤਾਂ ਲਈ ਜਿਮ ਖੋਲ੍ਹਿਆ ਜਾ ਰਿਹਾ ਤੇ ਸ਼ਹਿਰ ਦੇ ਰਜਵਾਹੇ ਦਾ ਸੁੰਦਰੀਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਕਿਹਾ ਆਪਣੇ ਕਰਵਾਏ ਵਿਕਾਸ ਕਾਰਜਾਂ ਦੇ ਆਧਾਰ ’ਤੇ ਲੋਕਾਂ ਤੋਂ ਵੋਟਾਂ ਮੰਗਾਂਗਾ। ਉਨ੍ਹਾਂ ਕਿਹਾ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਸੰਘਰਸ਼ ਨੂੰ ਹੋਰ ਤਿੱਖਾ ਹੁੰਦਾ ਵੇਖ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਇਸ ਮੌਕੇ ਹਨੀ ਤੂਰ, ਸੀਨੀਅਰ ਕਾਂਗਰਸੀ ਆਗੂ ਤਰਸੇਮ ਤਲਵਾੜਾ, ਮੁਨੀਸ਼ ਕੁਮਾਰ ਗਰਗ, ਦਰਸ਼ਨ ਤਾਇਲ, ਇੰਦਰਜੀਤ ਸਿੰਘ ਮਰਾਹੜ ਆਦਿ ਹਾਜ਼ਰ ਸਨ।