ਬੀਰਬਲ ਰਿਸ਼ੀ
ਸ਼ੇਰਪੁਰ, 24 ਅਗਸਤ
ਪਿੰਡ ਘਨੌਰੀ ਕਲਾਂ ’ਚ ਪਾਣੀ ਦੀ ਨਿਕਾਸੀ ਦਾ ਮਾਮਲਾ ਅੱਜ ਦੂਜੇ ਦਿਨ ਵੀ ਕਿਸੇ ਤਣ-ਪੱਤਣ ਨਹੀਂ ਲੱਗਿਆ। ਪ੍ਰਸ਼ਾਸਨ ਦੇ ਭਰੋਸੇ ਨਾਲ ਲਗਾਤਾਰ 25 ਘੰਟਿਆਂ ਮਗਰੋਂ ਖੋਲ੍ਹੇ ਰਸਤੇ ਨੂੰ ਮਸਲਾ ਹੱਲ ਨਾ ਹੁੰਦਾ ਵੇਖ ਪਿੰਡ ਵਾਸੀਆਂ ਨੇ ਸ਼ੇਰਪੁਰ-ਧੂਰੀ ਮੁੱਖ ਮਾਰਗ ਮੁੜ ਼ਜਾਮ ਕਰ ਦਿੱਤਾ। ਯਾਦ ਰਹੇ ਕਿ ਬੀਤੀ ਕੱਲ ਤੋਂ ਲੱਗੇ ਜ਼ਾਮ ਤਹਿਤ ਬੀਤੀ ਰਾਤ ਰਾਹਗੀਰਾਂ ਨੂੰ ਵਾਇਆ ਕਾਲਾਬੂਲਾ, ਸ਼ੇਰਪੁਰ ਹੋ ਕੇ ਕਈ ਕਿੱਲੋਮੀਟਰ ਦੂਰ-ਦੁਰਾਡੇ ਦੀ ਆਪਣੀ ਮੰਜਿਲ ’ਤੇ ਪਹੁੰਚਣਾ ਪਿਆ। ਪੰਚ ਹਰਮੇਲ ਸਿੰਘ, ਪੰਚ ਹਰਦੀਪ ਸਿੰਘ ਮਿੱਠੂ, ਪਰਗਟ ਸਿੰਘ, ਜੀਵਨ ਸਿੰਘ (ਦੋਵੇਂ ਸਾਬਕਾ ਪੰਚ), ਸ਼ੂਗਰਕੇਨ ਸੁਸਾਇਟੀ ਦੇ ਸਾਬਕਾ ਉਪ-ਚੇਅਰਮੈਨ ਰਤਿੰਦਰ ਰਤਨ ਘਨੌਰੀ, ਕਿਸਾਨ ਆਗੂ ਗੁਰਜਿੰਦਰ ਸਿੰਘ ਰਾਣੂ, ਬਾਰਾ ਸਿੰਘ ਅਤੇ ਬਲਜੀਤ ਸਿੰਘ ਨੇ ਸਮੂਹਿਕ ਰੂਪ ਵਿੱਚ ਦੱਸਿਆ ਕਿ ਸੂਰਾ ਪੱਤੀ ’ਚ ਮੀਂਹ ਦੇ ਪਾਣੀ ਲੋਕਾਂ ਦੇ ਘਰਾਂ ਅੰਦਰ ਵੜ੍ਹ ਕੇ ਤਬਾਹੀ ਮਚਾਉਂਦਾ ਹੈ। ਸਰਪੰਚ ਗੁਰਜੰਟ ਸਿੰਘ ਹੈਪੀ ਨੇ ਕਿਹਾ ਕਿ ਸੂਰਾ ਪੱਤੀ ਦਾ ਪਾਣੀ 25 ਅਗਸਤ ਨੂੰ ਸਵੇਰੇ 10 ਵਜੇ ਨਵੇਂ ਬਣੇ ਵਾਟਰ ਟਰੀਟਮੈਂਟ ਪਲਾਂਟ ਵਿੱਚ ਪਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ, ਜਿਸ ਸਬੰਧੀ ਉੱਚ ਅਧਿਕਾਰੀਆਂ ਤੋਂ ਪੁਲੀਸ ਇਮਦਾਦ ਦੀ ਮਨਜ਼ੂਰੀ ਮਿਲ ਗਈ ਹੈ। ਬੀਡੀਪੀਓ ਜੁਗਰਾਜ ਸਿੰਘ ਨੇ ਕਿਹਾ ਕਿ ਉਹ ਸੰਗਰੂਰ ਮੀਟਿੰਗ ਵਿੱਚ ਹਨ ਪਰ ਲੋਕ ਮਸਲਾ ਭਲਕ ਤੱਕ ਹੱਲ ਹੋ ਜਾਵੇਗਾ। ਐੱਸਐੱਚਓ ਜਗਮੇਲ ਸਿੰਘ ਨੇ ਕਿਹਾ ਕਿ ਉਹ ਘਨੌਰੀ ਕਲਾਂ ਆਏ ਸਨ ਪਰ ਸਿੱਖਿਆ ਮੰਤਰੀ ਦੇ ਅਚਨਚੇਤ ਪ੍ਰੋਗਰਾਮ ਕਾਰਨ ਉਨ੍ਹਾਂ ਦੀ ਡਿਊਟੀ ਮੌਕੇ ’ਤੇ ਲੱਗਣ ਕਾਰਨ ਫੋਰਸ ਸਮੇਤ ਮੁੜਨਾ ਪਿਆ ਹੈ।
ਪਰਸ਼ੀਂਹ ਪੱਤੀ ਦੇ ਲੋਕ ਪਾਣੀ ਵਾਟਰ ਟਰੀਟਮੈਂਟ ਵੱਲ ਪਾਉਣ ਦੇ ਖ਼ਿਲਾਫ਼ ਅੜੇ
ਆਗੂਆਂ ਨੇ ਹੈਰਾਨੀ ਪ੍ਰਗਟ ਕਰਦਿਆਂ ਦੱਸਿਆ ਕਿ ਪਾਣੀ ਦੀ ਨਿਕਾਸੀ ਨਵੇਂ ਵਾਟਰ ਟਰੀਟਮੈਂਟ ਪਲਾਂਟ ਵੱਲ ਕਰਵਾਉਣ ਦੀ ਮੰਗ ਨੂੰ ਲੈ ਕੇ ਤਕਰੀਬਨ 32 ਘੰਟਿਆਂ ਤੋਂ ਲੋਕ ਸੜਕ ’ਤੇ ਬੈਠੇ ਹਨ ਪਰ ਪ੍ਰਸ਼ਾਸਨਿਕ ਅਧਿਕਾਰੀ ਤੇ ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ। ਆਗੂਆਂ ਨੇ ਮੰਗਾਂ ਦੀ ਪੂਰਤੀ ਲਈ ਅਣਮਿੱਥੇ ਸਮੇਂ ਤੱਕ ਚੱਕਾ ਜਾਮ ਅਤੇ ਪੱਕੇ ਧਰਨੇ ਦਾ ਐਲਾਨ ਕਰ ਦਿੱਤਾ ਹੈ। ਦੂਜੇ ਪਾਸੇ ਪਿੰਡ ਦੀ ਪਰਸ਼ੀਂਹ ਪੱਤੀ ਦੇ ਲੋਕ ਬਜ਼ਿੱਦ ਹਨ ਕਿ ਉਹ ਕਿਸੇ ਵੀ ਕੀਮਤ ’ਤੇ ਸੂਰਾ ਪੱਤੀ ਦੇ ਪਾਣੀ ਦੀ ਨਿਕਾਸੀ ਵਾਟਰ ਟਰੀਟਮੈਂਟ ਵੱਲ ਨਹੀਂ ਹੋਣ ਦੇਣਗੇ।