ਪੱਤਰ ਪ੍ਰੇਰਕ
ਲਹਿਰਾਗਾਗਾ, 31 ਅਗਸਤ
ਇਸ ਇਲਾਕੇ ਦੇ ਲੋਕਾਂ ਲਈ ਖ਼ੁਸ਼ੀ ਵਾਲੀ ਖ਼ਬਰ ਹੈ ਕਿਉਂਕਿ 30 ਸਾਲ ਤੋਂ ਬੰਦ ਡਰੇਨੇਜ ਅਤੇ ਮਾਈਨਿੰਗ ਵਿਭਾਗ ਦਾ ਦਫ਼ਤਰ ਪਹਿਲੀ ਸਤੰਬਰ ਤੋਂ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਹਲਕਾ ਲਹਿਰਾ ਦੇ ਵਿਧਾਇਕ ਬਰਿੰਦਰ ਗੋਇਲ ਦੇ ਯਤਨਾਂ ਸਦਕਾ ਲੋਕਾਂ ਨੂੰ ਛੋਟੇ-ਮੋਟੇ ਕੰਮਾਂ ਲਈ 150-200 ਕਿਲੋਮੀਟਰ ਦੂਰ ਪਟਿਆਲਾ ਜਾਣਾ ਪੈਂਦਾ ਸੀ। ਡਰੇਨੇਜ ਤੇ ਮਾਈਨਿੰਗ ਵਿਭਾਗ ਦਾ ਦਫ਼ਤਰ ਖੁੱਲ੍ਹਣ ’ਤੇ ਅੱਜ ਵਿਧਾਇਕ ਗੋਇਲ ਦੇ ਭਰਾ ਨਰਿੰਦਰ ਗੋਇਲ, ਕੌਂਸਲਰ ਕਾਂਤਾ ਗੋਇਲ ਅਤੇ ਦੀਪਕ ਜੈਨ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਨਾਲਾਇਕੀ ਕਾਰਨ ਇਹ ਦਫ਼ਤਰ ਇਥੋਂ ਪਟਿਆਲਾ ਲਿਜਾਇਆ ਗਿਆ। ਹਲਕੇ ਦੇ ਲੋਕਾਂ ਨੂੰ ਸਬੰਧਿਤ ਕੰਮ ਲਈ ਪਟਿਆਲੇ ਜਾਣਾ ਪੈਂਦਾ ਸੀ। ਜੇਕਰ ਕਿਸੇ ਡਰੇਨੇਜ ਜਾਂ ਘੱਗਰ ਵਿੱਚ ਉਛਾਲ ਜਾਂ ਪਾੜ ਪੈ ਜਾਂਦਾ ਤਾਂ ਅਫਸਰਾਂ ਨੂੰ ਵੀ ਇੱਥੇ ਆਉਣ ਵਿੱਚ ਕਈ ਘੰਟੇ ਲੱਗ ਜਾਂਦੇ ਸਨ। ਮੌਕੇ ਡਰੇਨੇਜ ਵਿਭਾਗ ਦੇ ਐੱਸਡੀਓ ਚੇਤਨ ਗੁਪਤਾ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਨੂੰ ਸਬੰਧਤ ਕੰਮਾਂਕਾਰਾਂ ਲਈ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਹਰਦੀਪ ਸਿੰਘ, ਕਰਨਬੀਰ ਸਿੰਘ, ਸਤਨਾਮ ਸਿੰਘ, ਅਦਿੱਤਿਆ ਕਾਂਸਲ, ਦੀਪਕ ਜਿੰਦਲ (ਸਾਰੇ ਜੇਈ) ਅਤੇ ‘ਆਪ’ ਆਗੂ ਹਾਜ਼ਰ ਸਨ। ਇਸ ਮੌਕੇ ਨਰਿੰਦਰ ਗੋਇਲ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਤ ਕੀਤਾ ਗਿਆ।