ਹਰਜੀਤ ਸਿੰਘ
ਖਨੌਰੀ, 12 ਜੂਨ
ਸ਼ਹਿਰੀ ਕਾਂਗਰਸ ਪ੍ਰਧਾਨ ਸ਼ੱਸ਼ੀ ਸਿੰਗਲਾ ਦੇ ਗ੍ਰਹਿ ਗੱਲਬਾਤ ਕਰਦੇ ਹੋਏ ਬੀਬੀ ਰਾਜਿੰਦਰ ਕੌਰ ਭੱਠਲ ਦੇ ਸਿਆਸੀ ਸਕੱਤਰ ਰਵਿੰਦਰ ਸਿੰਘ ਟੂਰਨਾ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਦੀ ਮੰਗ ’ਤੇ ਬੀਬੀ ਭੱਠਲ ਵੱਲੋਂ ਖਨੌਰੀ ਹਲਕੇ ਲਈ ਜਲਦ ਹੀ ਮਿੰਨੀ ਪੀਐੱਚਸੀ ’ਚ ਦੋ ਡਾਕਟਰਾਂ ਦੀ ਪੱਕੀ ਬਦਲੀ ਕਰਵਾ ਦਿੱਤੀ ਗਈ ਹੈ ਤੇ ਪਸ਼ੂ ਪਾਲਕਾਂ ਦੀ ਮੰਗ ’ਤੇ ਖਨੌਰੀ ਪਸ਼ੂ ਹਸਪਤਾਲ ’ਚ ਵੈਟਰਨਰੀ ਡਾਕਟਰ ਦਾ ਤਬਾਦਲਾ ਕਰਵਾਉਣ ਲਈ ਲਿਖ ਕੇ ਭੇਜਿਆ ਹੈ। ਜਲਦੀ ਹੀ ਖਨੌਰੀ ਪਸ਼ੂ ਹਸਪਤਾਲ ’ਚ ਵੀ ਵੈਟਰਨਰੀ ਡਾਕਟਰ ਤੈਨਾਤ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਕਰੋਨਾ ਕਾਰਨ ਡਾਕਟਰਾਂ ਤੇ ਸਰਕਾਰ ਦੀਆਂ ਹਦਾਇਤਾਂ ਕਾਰਨ ਬੀਬੀ ਜੀ ਹਲਕੇ ’ਚ ਨਹੀਂ ਆ ਪਾ ਰਹੇ ਪਰ ਫਿਰ ਉਹ ਹਲਕੇ ਦੇ ਵਿਕਾਸ ਕਾਰਜਾਂ ਲਈ ਯਤਨਸ਼ੀਲ ਹਨ ਤੇ ਆਉਣ ਵਾਲੇ ਦਿਨਾਂ ’ਚ ਪਿੰਡਾਂ ਨੂੰ ਗਰਾਂਟਾਂ ਦੇ ਗੱਫੇ ਮਿਲਣ ਵਾਲੇ ਹਨ।
ਇਸ ਮੌਕੇ ਉਨ੍ਹਾਂ ਨਾਲ ਮਾਰਕਿਟ ਕਮੇਟੀ ਦੇ ਚੇਅਰਮੈਨ ਜੋਗਾ ਸਿੰਘ ਥੇੜ੍ਹੀ, ਵਾਇਸ ਚੇਅਰਮੈਨ ਮੇਘਰਾਜ ਗੋਇਲ, ਨਗਰ ਪੰਚਾਇਤ ਪ੍ਰਧਾਨ ਗਿਰਧਾਰੀ ਲਾਲ ਗਰਗ, ਸ਼ਹਿਰੀ ਕਾਂਗਰਸ ਪ੍ਰਧਾਨ ਸੱਸੀ ਸਿੰਗਲਾ, ਮਹਾਵੀਰ ਪ੍ਰਸ਼ਾਦ ਢੇਲਾ, ਹਰਭਜਨ ਸਿੰਘ ਨਵਾਂਗਾਉ ਆਦਿ ਹਾਜ਼ਰ ਸਨ।