ਗੁਰਦੀਪ ਸਿੰਘ ਲਾਲੀ
ਸੰਗਰੂਰ, 25 ਜੂਨ
ਪੀਸੀਐੱਮਐੱਸ ਐਸੋਸੀਏਸ਼ਨ, ਪੀਸੀਐੱਮਐੱਸ ਐਸੋਸੀਏਸ਼ਨ ਡੈਂਟਲ, ਆਯੂਰਵੈਦਿਕ ਮੈਡੀਕਲ ਅਫ਼ਸਰ ਐਸੋਸੀਏਸ਼ਨ, ਵੈਟਰਨਵਰੀ ਡਾਕਟਰ ਐਸੋਸੀਏਸ਼ਨ, ਰੂਰਲ ਮੈਡੀਕਲ ਅਫ਼ਸਰ ਐਸੋਸੀਏਸ਼ਨ ਤੇ ਜੁਆਇੰਟ ਪੰਜਾਬ ਸਰਕਾਰ ਡਾਕਟਰ ਕੋਆਰਡੀਨੇਸ਼ਨ ਕਮੇਟੀ ਜ਼ਿਲ੍ਹਾ ਸੰਗਰੂਰ ਦੇ ਸੱਦੇ ’ਤੇ ਸਮੂਹ ਡਾਕਟਰਾਂ ਵੱਲੋਂ ਛੇਵੇਂ ਪੇਅ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਵਿਰੁੱਧ ਐੱਨਪੀਏ ਦੇ ਮੁੱਦੇ ਨੂੰ ਲੈ ਕੇ ਮੁਕੰਮਲ ਹੜਤਾਲ ਕੀਤੀ ਗਈ। ਹੜਤਾਲੀ ਡਾਕਟਰਾਂ ਨੇ ਸਿਵਲ ਹਸਪਤਾਲ ਵਿੱਚ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਹੜਤਾਲ ਕਾਰਨ ਸਿਵਲ ਹਸਪਤਾਲ ਵਿੱਚ ਓਪੀਡੀ ਸੇਵਾਵਾਂ ਤੇ ਇਲੈਕਟਿਵ ਸਰਜਰੀ ਆਦਿ ਦਾ ਕੰਮ ਮੁਕੰਮਲ ਤੌਰ ’ਤੇ ਬੰਦ ਰਿਹਾ। ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਵੀ ਦੋ ਘੰਟੇ ਕੰਮ ਬੰਦ ਕਰਕੇ ਹੜਤਾਲ ਦੀ ਹਮਾਇਤ ਕੀਤੀ। ਇਸ ਮੌਕੇ ਪੀਸੀਐੱਮਐੱਸ ਐਸੋਸੀਏਸ਼ਨ ਦੇ ਸਟੇਟ ਕਾਰਜਕਾਰੀ ਮੈਂਬਰ ਡਾ. ਅਮਨਪ੍ਰੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਛੇਵੇਂ ਪੇਅ ਕਮਿਸ਼ਨ ਅਨੁਸਾਰ ਐੱਨਪੀਏ ਨੂੰ 25 ਫੀਸਦ ਤੋਂ ਘਟਾ ਕੇ 20 ਫੀਸਦ ਕਰਨ ਅਤੇ ਇਸ ਨੂੰ ਮੁੱਢਲੀ ਤਨਖਾਹ ਤੋਂ ਅਲੱਗ ਕਰਨ ਦੇ ਰੋਸ ਵਜੋਂ ਹੜਤਾਲ ਕੀਤੀ ਗਈ ਹੈ। ਇਸ ਦੇ ਨਾਲ ਹੀ ਡਾਕਟਰਾਂ ਨੇ ਸਰਕਾਰ ਤੋਂ ਐੱਨਪੀਏ ਵਧਾ ਕੇ 33 ਫੀਸਦ ਕਰਨ, ਮੁੱਢਲੀ ਤਨਖਾਹ ਦਾ ਹਿੱਸਾ ਮੰਨ ਕੇ ਤਨਖਾਹ ਅਤੇ ਪੈਨਸ਼ਨ ਦੇਣ ਤੇ ਕਰੋਨਾ ਨਾਲ ਲੜਨ ਵਾਲੇ ਸਾਰੇ ਕੇਡਰਾਂ ਦੇ ਡਾਕਟਰਾਂ ਨੂੰ ਵਿਸ਼ੇਸ਼ ਭੱਤਾ ਦੇਣ ਦੀ ਮੰਗ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਹ ਫੈ਼ਸਲਾ ਵਾਪਸ ਲੈ ਕੇ ਉਕਤ ਮੰਗਾਂ ਨਾ ਮੰਨੀਆਂ ਗਈਆਂ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਰਾਜਪੁਰਾ (ਬਹਾਦਰ ਸਿੰਘ ਮਰਦਾਂਪੁਰ): 6ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਖ਼ਿਲਾਫ਼ ਪੀਸੀਐੱਮਐੱਸ ਐਸੋਸੀਏਸ਼ਨ ਵੱਲੋਂ ਦਿੱਤੇ ਗਏ ਸੱਦੇ ’ਤੇ ਸਿਵਲ ਹਸਪਤਾਲ ਦੇ ਸਮੂਹ ਡਾਕਟਰਾਂ ਵੱਲੋਂ ਡਾ. ਜਗਪਾਲਇੰਦਰ ਸਿੰਘ ਤੇ ਡਾ. ਵਿਪਨਜੀਤ ਸਿੰਘ ਖੋਸਾ ਦੀ ਅਗਵਾਈ ਹੇਠ ਮੁਕੰਮਲ ਹੜਤਾਲ ਕਰ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਡਾ. ਜਗਪਾਲਇੰਦਰ ਸਿੰਘ ਸਮੇਤ ਹੋਰਨਾਂ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੀ 6ਵੇਂ ਪੇਅ ਕਮਿਸ਼ਨ ਦੀਆਂ ਸ਼ਿਫਾਰਿਸ਼ਾਂ ਵਿੱਚ ਕਈ ਖਾਮੀਆਂ ਹਨ। ਜਿਸ ਨਾਲ ਸਰਕਾਰ ਡਾਕਟਰਾਂ ਦੀਆਂ ਤਨਖਾਹਾਂ ਤੇ ਹੋਰ ਭੱਤੇ ਘੱਟ ਜਾਣਗੇ ਤੇ ਸਿਹਤ ਸੇਵਾਵਾਂ ਨਾਲ ਜੁੜੇ ਮੁਲਾਜ਼ਮਾਂ ਨੂੰ ਵਿੱਤੀ ਨੁਕਸਾਨ ਸਹਿਣਾ ਪਵੇਗਾ।
ਘਨੌਰ (ਗੁਰਪ੍ਰੀਤ ਸਿੰਘ): ਪੀਸੀਐੱਮਐੱਸ ਐਸੋਸੀਏਸ਼ਨ ਵੱਲੋਂ ਦਿੱਤੇ ਗਏ ਸੱਦੇ ’ ਤੇ ਕਮਿਊਨਿਟੀ ਹੈਲਥ ਸੈਂਟਰ ਘਨੌਰ ਅਤੇ ਪਿੰਡਾਂ ਦੀ ਡਿਸਪੈਂਸਰੀਆਂ ਵਿੱਚ ਡਾਕਟਰਾਂ ਵੱਲੋਂ ਤਨਖਾਹ ਕਮਿਸ਼ਨ ਵਿੱਚ ਦਰਜ ਤਰੁੱਟੀਆਂ ਵਾਲੀ ਸਿਫਾਰਿਸ਼ਾਂ ਖ਼ਿਲਾਫ਼ ਡਾ. ਬਲਜਿੰਦਰ ਕੌਰ ਕਾਹਲੋਂ, ਡਾ. ਹਰਮਨਦੀਪ ਸਿੰਘ ਤੇ ਡਾ. ਸਰਬਜੀਤ ਸਿੰਘ ਦੀ ਅਗਵਾਈ ਵਿੱਚ ਡਾਕਟਰਾਂ ਵੱਲੋਂ ਹੜਤਾਲ ਕੀਤੀ ਗਈ। ਇਸ ਹੜਤਾਲ ਦੌਰਾਨ ਹਸਪਤਾਲ ਦੀ ਓਪੀਡੀ ਤੇ ਹੋਰ ਸੇਵਾਵਾਂ ਬੰਦ ਰਹਿਣ ਕਾਰਨ ਮਰੀਜ਼ਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ। ਜਦਕਿ ਕੋਵਿਡ ਟੀਕਾਕਰਨ ਤੇ ਐਮਰਜੈਂਸੀ ਸੇਵਾਵਾਂ ਜਾਰੀ ਰਹੀਆਂ। ਉਨ੍ਹਾਂ ਮੰਗ ਕੀਤੀ ਕਿ ਪੇਅ ਕਮਿਸ਼ਨ ਦੀ ਸਿਫਾਰਿਸ਼ਾਂ ਵਿੱਚ ਤਰੁੱਟੀਆਂ ਨੂੰ ਦੂਰ ਕੀਤਾ ਜਾਵੇ।
ਸਮਾਣਾ (ਅਸ਼ਵਨੀ ਗਰਗ): ਸਿਵਲ ਹਸਪਤਾਲ ਸਮਾਣਾ ਦੇ ਡਾਕਟਰਾਂ ਵੱਲੋਂ ਪੰਜਾਬ ਸਿਵਲ ਸਰਵਿਸਜ਼ ਮੈਡੀਕਲ ਐਸੋਸੀਏਸ਼ਨ ਦੇ ਸੱਦੇ ਤੇ ਅੱਜ 6ਵੇਂ ਪੇਅ ਕਮੀਸ਼ਨ ਖ਼ਿਲਾਫ਼ ਇੱਕ ਰੋਜ਼ਾ ਹੜਤਾਲ ਕੀਤੀ ਗਈ ਤੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਕਾਰਨ ਹਸਪਾਤਲ ਵਿੱਚ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਸਾਰੇ ਹੀ ਡਾਕਟਰਾਂ ਨੇ ਓਪੀਡੀ ਸੇਵਾਵਾਂ ਬੰਦ ਰੱਖੀਆਂ। ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਐਨਪੀਏ 33 ਫੀਸਦ ਨਾ ਕੀਤਾ ਗਿਆ ਤੇ ਐੱਨਪੀਏ ਨੂੰ ਪਹਿਲਾ ਦੀ ਤਰ੍ਹਾਂ ਮੁੱਢਲੀ ਤਨਖ਼ਾਹ ਦਾ ਹਿੱਸਾ ਨਾ ਮੰਨਿਆ ਗਿਆ ਤਾਂ ਉਹ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰ ਦੇਣਗੇ।
ਸਮਾਣਾ (ਸੁਭਾਸ਼ ਚੰਦਰ): ਸਮਾਣਾ ਦੇ ਸਿਵਲ ਹਸਪਤਾਲ ਦੇ ਪੀਸੀਐੱਮਐੱਸ ਡਾਕਟਰਾਂ ਨੇ ਇਕ ਦਿਨ ਦੀ ਹੜਤਾਲ ਕਰਕੇ ਅਮਰਜੈਂਸੀ ਤੇ ਕੋਵਿਡ ਸੇਵਾਵਾਂ ਨੂੰ ਛੱਡ ਕੇ ਓਪੀਡੀ ਅਤੇ ਹੋਰ ਸੇਵਾਵਾਂ ਬੰਦ ਰੱਖੀਆਂ। ਜਿਸ ਕਰਕੇ ਇਲਾਜ ਲਈ ਆਏ ਮਰੀਜ਼ਾਂ ਨੂੰ ਕਾਫੀ ਪ੍ਰੇਸ਼ਾਨੀ ਸਾਹਮਣਾ ਕਰਨਾ ਪਿਆ। ਡਾਕਟਰਾਂ ਨੇ ਹਸਪਤਾਲ ਵਿਚ ਧਰਨਾ ਲਗਾ ਕੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਡਾਕਟਰਾਂ ਨੇ ਦੱਸਿਆ ਕਿ ਛੇਵੇਂ ਪੇਅ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਜੇਕਰ ਲਾਗੂ ਹੁੰਦੀਆਂ ਹਨ ਤਾਂ ਡਾਕਟਰਾਂ ਵੱਲੋਂ ਅਪਾਣਾ ਸੰਘਰਸ਼ ਹੋਰ ਤੇਜ਼ ਕੀਤਾ ਜਵੇਗਾ। ਉਨ੍ਹਾਂ ਕਿਹਾ ਕਿ ਤਨਖ਼ਾਹਾਂ ਵਿੱਚ ਕਟੌਤੀ ਕਰਕੇ ਸਰਕਾਰ ਉਨ੍ਹਾਂ ਦਾ ਸ਼ੋਸ਼ਣ ਕਰ ਰਹੀ ਹੈ। ਇਸ ਹੜਤਾਲ ਨੂੰ ਸੰਕੇਤਕ ਹੜਤਾਲ ਦੱਸਦੇ ਹੋਏ ਸਮੂਹ ਡਾਕਟਰਾਂ ਨੇ ਇਕ ਮੰਗ ਪੱਤਰ ਐੱਸਡੀਐੱਮ ਸਮਾਣਾ ਰਾਹੀਂ ਪੰਜਾਬ ਸਰਕਾਰ ਨੂੰ ਭੇਜ ਕੇ ਇਸ ਫੈ਼ਸਲੇ ’ਤੇ ਦੁਬਾਰਾ ਵਿਚਾਰ ਕਰਨ ਦੀ ਮੰਗ ਕੀਤੀ ਹੈ।
ਡਾਕਟਰਾਂ ਵੱਲੋਂ ਸੰਘਰਸ਼ ਹੋਰ ਤੇਜ਼ ਕਰਨ ਦੀ ਚਿਤਾਵਨੀ
ਲਹਿਰਾਗਾਗਾ (ਰਮੇਸ਼ ਭਾਰਦਵਾਜ): ਪੰਜਾਬ ਸਰਕਾਰ ਵੱਲੋਂ 6ਵੇਂ ਪੇਅ ਕਮਿਸ਼ਨਵਿੱਚ ਸਰਕਾਰੀ ਡਾਕਟਰਾਂ ਦੇ ਨਾਨ ਮੈਡੀਕਲ ਪ੍ਰੈਕਟਿਸ ਅਲਾਊਂਸ (ਐੱਨਪੀਏ) ਵਿੱਚ ਕੀਤੀ ਗਈ ਕਟੌਤੀ ਦੇ ਵਿਰੋਧ ਵਿੱਚ ਪੰਜਾਬ ਦੇ ਸਰਕਾਰੀ ਡਾਕਟਰਾਂ ਦੀ ਜਥੇਬੰਦੀ ਪੀਸੀਐੱਮਐੱਸ ਐਸੋਸੀਏਸ਼ਨ ਦੇ ਸੱਦੇ ’ਤੇ ਅੱਜ ਇਕ ਦਿਨ ਦੀ ਹੜਤਾਲ ਕੀਤੀ ਗਈ। ਡਾਕਟਰਾਂ ਦੇ ਹੱਥਾਂ ’ਚ ਸਰਕਾਰੀ ਫੈ਼ਸਲੇ ਦੇ ਵਿਰੋਧ ’ਚ ਤਖ਼ਤੀਆਂ ਫੜ੍ਹੀਆਂ ਹੋਈਆਂ ਸਨ। ਇਸ ਮੌਕੇ ਹਾਜ਼ਰ ਐੱਸਐੱਮਓ ਡਾ. ਸੰਜੈ ਬਾਸਲ, ਡਾ. ਲਵਪ੍ਰੀਤ ਸ਼ਰਮਾ, ਡਾ. ਸੋਬਿਤਾ ਸਿੰਘ, ਡਾ. ਰਵਿੰਦਰ ਰਵੀ, ਡਾ. ਕਿਮੀ ਗਰਗ, ਡਾ. ਹਰਦੀਪ ਕੌਰ ਤੇ ਚੀਫ਼ ਫਾਰਮੇਸੀ ਅਫ਼ਸਰ ਸੰਜੀਵ ਰੌਕੀ ਨੇ ਕਿਹਾ ਕਿ ਸਰਕਾਰ ਦਾ 6ਵਾਂ ਪੇਅ ਕਮਿਸ਼ਨ ਇੱਕ ਵੱਡਾ ਧੋਖਾ ਹੈ, ਕਿਊਂਕਿ ਇਕ ਤਾਂ ਐੱਨਪੀਏ ਵਿੱਚ ਕਟੌਤੀ ਕੀਤੀ ਗਈ ਹੈ, ਦੂਜਾ ਇਸ ਨੂੰ ਮੁੱਢਲੀ ਤਨਖਾਹ ਵਿੱਚ ਜੋੜੇ ਬਿਨਾ ਹੋਰ ਭੱਤੇ ਤੈਅ ਕਰਨ ਦਾ ਫੈ਼ਸਲਾ ਲਿਆ ਗਿਆ ਹੈ।