ਭਵਾਨੀਗੜ੍ਹ: ਡੀਐੱਸਪੀ ਭਵਾਨੀਗੜ੍ਹ ਮੋਹਿਤ ਅਗਰਵਾਲ ਦੀ ਅਗਵਾਈ ਹੇਠ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਇੱਥੋਂ ਦੀ ਪੁਲੀਸ ਨੇ ਨਾਕਾਬੰਦੀ ਦੌਰਾਨ ਸਕੂਟਰੀ ਸਵਾਰ ਇੱਕ ਵਿਅਕਤੀ ਨੂੰ ਸੈਂਕੜੇ ਨਸ਼ੀਲੀਆਂ ਗੋਲੀਆਂ ਅਤੇ ਡਰੱਗ ਮਨੀ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਏਐੱਸਆਈ ਕੁਲਵਿੰਦਰ ਸਿੰਘ ਤੇ ਏਐੱਸਆਈ ਜਗਤਾਰ ਸਿੰਘ ਪੁਲੀਸ ਪਾਰਟੀ ਨਾਲ ਗਸ਼ਤ ਤੇ ਚੈਕਿੰਗ ਸਬੰਧੀ ਬਾਲਦ ਕੈਂਚੀਆਂ ਭਵਾਨੀਗੜ੍ਹ ਮੌਜੂਦ ਸਨ ਕਿ ਇਸ ਦੌਰਾਨ ਪੁਲੀਸ ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਸੁਤੰਤਰ ਸਿੰਘ ਜੋ ਨਸ਼ੀਲੀਆਂ ਗੋਲੀਆਂ ਵੇਚਣ ਦਾ ਆਦੀ ਹੈ, ਹੁਣ ਵੀ ਕਾਫ਼ੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਲੈ ਕੇ ਪਿੰਡ ਬਾਲਦ ਕਲਾਂ ਤੋਂ ਸਮਾਣਾ ਰੋਡ ਵੱਲ ਆਉਣ ਵਾਲਾ ਹੈ। ਥਾਣਾ ਮੁਖੀ ਬਾਜਵਾ ਨੇ ਦੱਸਿਆ ਕਿ ਨਾਕਾਬੰਦੀ ਦੌਰਾਨ ਪੁਲੀਸ ਨੇ ਵਿਅਕਤੀ ਦੇ ਕਬਜ਼ੇ ’ਚੋਂ 600 ਗੋਲੀਆਂ ਅਤੇ 10,500 ਰੁਪਏ ਡਰੱਗ ਮਨੀ ਬਰਾਮਦ ਕਰਦਿਆਂ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੱਸਿਆ ਕਿ ਸੁਤੰਤਰ ਸਿੰਘ ਬਾਲਦ ਕਲਾਂ ਵਿੱਚ ਡਾਕਟਰੀ ਦੀ ਦੁਕਾਨ ਕਰਦਾ ਹੈ। -ਪੱਤਰ ਪ੍ਰੇਰਕ