ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 12 ਮਾਰਚ
ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਕਾਕੜਾ ਨੇ ਜ਼ਿਲ੍ਹਾ ਸੰਗਰੂਰ ਵਿੱਚ ਪਾਰਟੀ ਉਮੀਦਵਾਰਾਂ ਦੀ ਹਾਰ ਕਬੂਲਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ। ਇਸੇ ਦੌਰਾਨ ਕਾਕੜਾ ਤੇ ਸੀਨੀਅਰ ਆਗੂ ਇੰਦਰਜੀਤ ਸਿੰਘ ਤੂਰ ਨੇ ਮੰਗ ਕੀਤੀ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਦੀ ਦੂਜੀ ਵਾਰ ਹੋਈ ਹਾਰ ਨੂੰ ਕਬੂਲਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਅਹੁਦੇ ਤੋਂ ਅਸਤੀਫਾ ਦੇਣ।
ਦੋਵੇਂ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਥਕ ਤੇ ਪੰਜਾਬ ਹਿਤੈਸ਼ੀ ਪਾਰਟੀ ਹੈ, ਪਰ ਪਾਰਟੀ ਪੰਥਕ ਏਜੰਡੇ ਤੋਂ ਭਟਕ ਗਈ ਹੈ।
ਉਨ੍ਹਾਂ ਕਿਹਾ ਕਿ ਪਾਰਟੀ ਨੂੰ ਸੋਚ ਵਿਚਾਰ ਕਰਕੇ ਸੁਖਬੀਰ ਸਿੰਘ ਬਾਦਲ ਦੀ ਥਾਂ ਕਿਸੇ ਟਕਸਾਲੀ ਆਗੂ ਨੂੰ ਵਾਗਡੋਰ ਸੰਭਾਲ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਰੇ ਪੰਥਕ ਆਗੂਆਂ ਤੇ ਟਕਸਾਲੀ ਪਰਿਵਾਰਾਂ ਨੂੰ ਇਕ ਪਲੇਟਫਾਰਮ ’ਤੇ ਇਕੱਠਿਆਂ ਕੀਤਾ ਜਾਵੇ ਤਾਂ ਕਿ ਦੁਬਾਰਾ ਫਿਰ ਪਾਰਟੀ ਵਿੱਚ ਪੰਥਕ ਜਜ਼ਬਾ ਭਰਿਆ ਜਾ ਸਕੇ। ਇਸ ਮੌਕੇ ਟਰੱਕ ਯੂਨੀਅਨ ਭਵਾਨੀਗੜ੍ਹ ਦੇ ਸਾਬਕਾ ਪ੍ਰਧਾਨ ਭਰਭੂਰ ਸਿੰਘ ਫੱਗੂਵਾਲਾ,ਹਰਜੀਤ ਸਿੰਘ ਬੀਟਾ, ਦਿਲਬਾਗ ਸਿੰਘ ਆਲੋਅਰਖ, ਹਰਵਿੰਦਰ ਸਿੰਘ ਬੰਟੀ, ਹਾਕਮ ਸਿੰਘ ਬਾਲਦ ਖੁਰਦ, ਗੁਰਮੇਲ ਸਿੰਘ, ਜੀਤ ਸਿੰਘ ਚਹਿਲ ਅਤੇ ਕਰਨੈਲ ਸਿੰਘ ਆਲੋਅਰਖ ਵੀ ਹਾਜ਼ਰ ਸਨ।