ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 4 ਅਗਸਤ
ਗਤਕਾ ਫੈਡਰੇਸ਼ਨ ਆਫ਼ ਇੰਡੀਆ ਦੀ ਅਗਵਾਈ ਹੇਠ ਪੰਜਾਬ ਗਤਕਾ ਐਸੋਸੀਏਸ਼ਨ ਵੱਲੋਂ ਮਾਨਸਾ ਜ਼ਿਲ੍ਹਾ ਦੇ ਰੌਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਵਿੱਚ ਕਰਵਾਈ ਗਈ ਛੇਵੀਂ ਸਟੇਟ ਗਤਕਾ ਚੈਂਪੀਅਨਸ਼ਿਪ ਵਿੱਚ ਨਵੇਂ ਬਣੇ ਜ਼ਿਲ੍ਹਾ ਮਾਲੇਰਕੋਟਲਾ ਦੀਆਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਗਤਕਾ ਐਸੋਸੀਏਸ਼ਨ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਪ੍ਰੋਫੈ਼ਸਰ ਪਰਮਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਮਾਲੇਰਕੋਟਲਾ ਜ਼ਿਲ੍ਹੇ ਦੇ ਲੜਕਿਆਂ ਦੀ ਟੀਮ ਨੇ ਅੰਡਰ- 14 ’ਚ ਦੂਜਾ ਸਥਾਨ, ਅੰਡਰ-17 ਅਕਾਸ਼ਪ੍ਰੀਤ ਨੇ ਤੀਜਾ, ਅੰਡਰ-19 ਗੁਲਾਬਪ੍ਰੀਤ ਨੇ ਪਹਿਲਾ, ਅੰਡਰ-19 ਰਵਿੰਦਰ ਨੇ ਪਹਿਲਾ, ਅੰਡਰ-19 ਗੁਲਾਬਪ੍ਰੀਤ, ਰਵਿੰਦਰ, ਰਾਜਵੀਰ ਨੇ ਪਹਿਲਾ, ਅੰਡਰ-22 ਅਰਸ਼ਦੀਪ ਨੇ ਤੀਜਾ ਸਥਾਨ ਲੜਕੀਆਂ ਵਿੱਚ ਅੰਡਰ-14 ਦੀ ਟੀਮ ਨੇ ਦੂਜਾ, ਅੰਡਰ-14 ਕਮਲਪ੍ਰੀਤ ਨੇ ਦੂਜਾ, ਅੰਡਰ-17 ਖੁਸ਼ਪ੍ਰੀਤ ਨੇ ਦੂਜਾ, ਅੰਡਰ-19 ਹਰਸ਼ਦੀਪ ਨੇ ਦੂਜਾ ਸਥਾਨ ਹਾਸਲ ਕੀਤਾ। ਸ੍ਰੀ ਢਿੱਲੋਂ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ’ਚ ਸੂਬੇ ਦੇ 19 ਜ਼ਿਲ੍ਹਿਆਂ ਦੇ ਤਕਰੀਬਨ 600 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ।
ਊਲਾਣਾ ਸਕੂਲ ਦੇ ਖਿਡਾਰੀ ਬਣੇ ਸਟੇਟ ਚੈਂਪੀਅਨ
ਰਾਜਪੁਰਾ (ਪੱਤਰ ਪ੍ਰੇਰਕ): ਪਿੰਡ ਊਲਾਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਖਿਡਾਰੀ ਮਾਰਸ਼ਲ ਆਰਟ ਖੇਡ ਗਤਕਾ ਵਿੱਚ ਛੇਵੀਂ ਪੰਜਾਬ ਰਾਜ ਗਤਕਾ ਖੇਡਾਂ ਵਿੱਚੋਂ ਸਟੇਟ ਪੱਧਰ ਦੇ ਚੈਂਪੀਅਨ ਬਣੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੀ ਪ੍ਰਿੰਸੀਪਲ ਸਤਵਿੰਦਰ ਕੌਰ ਅਤੇ ਬਲਾਕ ਖੇਡ ਸਕੱਤਰ ਜਸਵਿੰਦਰ ਸਿੰਘ ਚੱਪੜ ਨੇ ਦੱਸਿਆ ਕਿ ਹੁਣੇ ਜਿਹੇ ਮਾਨਸਾ ਵਿੱਚ ਪੰਜਾਬ ਰਾਜ ਗੱਤਕਾ ਖੇਡਾਂ ਕਰਵਾਈਆ ਗਈਆਂ ਸਨ। ਜਿਨ੍ਹਾਂ ਵਿੱਚ ਊਲਾਣਾ ਸਕੂਲ ਦੇ 16 ਖਿਡਾਰੀਆਂ ਨੇ ਭਾਗ ਲਿਆ ਤੇ 16 ਵਿੱਚੋਂ ਤਿੰਨ ਨੇ ਗੋਲਡ ਮੈਡਲ, ਛੇ ਸਿਲਵਰ ਤੇ ਸੱਤ ਤਾਂਬੇ ਦੇ ਮੈਡਲ ਜਿੱਤੇ। ਸਕੂਲ ਵਿੱਚ ਪ੍ਰਿੰਸੀਪਲ ਸਤਵਿੰਦਰ ਕੌਰ, ਰਾਜਵਿੰਦਰ ਕੌਰ ਤੇ ਮਨਜੀਤ ਕੌਰ ਦੀ ਅਗਵਾਈ ਹੇਠ ਕਰਵਾਏ ਗਏ ਸਮਾਰੋਹ ਦੌਰਾਨ ਜੇਤੂਆਂ ਦਾ ਸਨਮਾਨ ਕੀਤਾ ਗਿਆ।