ਗੁਰਦੀਪ ਸਿੰਘ ਲਾਲੀ
ਸੰਗਰੂਰ, 2 ਜੂਨ
ਲਾਲ ਝੰਡਾ ਮਿੱੱਡ-ਡੇਅ ਮੀਲ ਵਰਕਰਜ਼ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਮਿੱਡ-ਡੇਅ ਮੀਲ ਵਰਕਰਾਂ ਵਲੋਂ ਆਪਣੀਆਂ ਮੰਗਾਂ ਦੇ ਹੱਕ ਵਿਚ ਰੈਲੀ ਕਰਨ ਤੋਂ ਬਾਅਦ ਇਥੇ ਜ਼ਿਲ੍ਹਾ ਸਿੱਖਿਆ ਦਫ਼ਤਰ (ਐਲੀਮੈਂਟਰੀ) ਅੱਗੇ ਰੋਸ ਧਰਨਾ ਦਿੱਤਾ ਗਿਆ ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਜਸਮੇਲ ਕੌਰ ਬੀਰਕਲਾਂ, ਸੀ.ਟੀ.ਯੂ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਵੜੈਚ ਅਤੇ ਸੂਬਾ ਆਗੂ ਕਾਮਰੇਡ ਦੇਵ ਰਾਜ ਵਰਮਾ ਵੱਲੋਂ ਕੀਤੀ ਗਈ।
ਜ਼ਿਲ੍ਹਾ ਭਰ ਤੋਂ ਮਿੱਡ-ਡੇਅ ਮੀਲ ਵਰਕਰਾਂ ਸਥਾਨਕ ਬੀਐਸਐਨਐਲ ਪਾਰਕ ਵਿਚ ਇਕੱਠੀਆਂ ਹੋਈਆਂ ਜਿਥੇ ਰੋਸ ਰੈਲੀ ਕੀਤੀ ਗਈ। ਇਸ ਮਗਰੋਂ ਰੋਸ ਮਾਰਚ ਕਰਦਿਆਂ ਜ਼ਿਲ੍ਹਾ ਸਿੱਖਿਆ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਸਰਬਜੀਤ ਸਿੰਘ ਵੜੈਚ ਨੇ ਮੰਗ ਕੀਤੀ ਕਿ ਦੋ ਦਿਨ ਦੀ ਉਜਰਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ 23 ਜੂਨ ਨੂੰ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਹੋ ਰਹੀ ਹੈ ਜਿਸ ਵਿਚ ਮੁੜ ਖਾਣਾ ਤਿਆਰ ਕਰਨ ਵਾਸਤੇ ਮਿੱਡ ਡੇਅ ਮੀਲ ਵਰਕਰਾਂ ਤੋਂ ਕੰਮ ਲਿਆ ਜਾਵੇਗਾ ਪਰੰਤੂ ਕੰਮ ਤੋਂ ਪਹਿਲਾਂ ਐਡਵਾਂਸ ਉਜਰਤ ਦਾ ਪ੍ਰਬੰਧ ਕੀਤਾ ਜਾਵੇ। ਸੀਟੀਯੂ ਦੇ ਸੂਬਾ ਆਗੂ ਦੇਵ ਰਾਜ ਵਰਮਾ ਨੇ ਕਿਹਾ ਕ ਘੱਟੋ ਘੱਟ ਉਜਰਤ ਰੁਪਏ 26 ਹਜ਼ਾਰ ਰੁਪਏ ਲਾਗੂ ਕੀਤੀ ਜਾਵੇ, ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ, ਸਕੂਲ ਵਿਚ ਘੱਟੋ ਘੱਟ ਦੋ ਵਰਕਰਾਂ ਦੀ ਵਿਵਸਥਾ ਯਕੀਨੀ ਬਣਾਈ ਜਾਵੇ, 5 ਲੱਖ ਰੁਪਏ ਦਾ ਬੀਮਾ ਕੀਤਾ ਜਾਵੇ, ਮਿੱਡ ਡੇਅ ਮੀਲ ਸਕੀਮ ਨੂੰ ਬਾਰ੍ਹਵੀਂ ਜਮਾਤ ਤੱਕ ਲਾਗੂ ਕੀਤਾ ਜਾਵੇ, ਗਰਮੀਆਂ ਵਿਚ ਸ਼ੈੱਡਾਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਕਮੇਟੀਆਂ ਵਿਚ ਵਰਕਰਾਂ ਦੇ ਨੁਮਾਇੰਦਿਆਂ ਨੂੰ ਸ਼ਾਮਲ ਕੀਤਾ ਜਾਵੇ। ਯੂਨੀਅਨ ਵਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਮੱਖਣ ਸਿੰਘ ਜਖੇਪਲ, ਭਰਭੂਰ ਸਿੰਘ ਦੁੱਗਾਂ, ਨਸੀਬ ਸਿੰਘ ਪੰਜਗਰਾਈ, ਮਨਜੀਤ ਕੌਰ ਛਾਜਲੀ, ਮਨਜੀਤ ਸਿੰਘ ਦਿੜ੍ਹਬਾ, ਭੋਲਾ ਸਿੰਘ ਜਖੇਪਲ ਆਦਿ ਮੌਜੂਦ ਸਨ।