ਗੁਰਦੀਪ ਸਿੰਘ ਲਾਲੀ
ਸੰਗਰੂਰ, 27 ਫਰਵਰੀ
ਡੈਮੋਕ੍ਰੈਟਿਕ ਟੀਚਰਜ਼ ਫਰੰਟ ਵਲੋਂ ਕਿਸਾਨ ਸੰਘਰਸ਼ ਦੇ ਸ਼ਹੀਦਾਂ ਨੂੰ ਸਮਰਪਿਤ 32ਵੀਂ ਵਜ਼ੀਫਾ ਪ੍ਰੀਖਿਆ ਅੱਜ ਜ਼ਿਲ੍ਹੇ ਭਰ ਵਿਚ ਬਣਾਏ ਵੱਖ-ਵੱਖ 12 ਪ੍ਰੀਖਿਆ ਕੇਂਦਰਾਂ ਵਿੱਚ ਕਰਵਾਈ ਗਈ, ਜਿਸ ਵਿਚ ਕੁੱਲ 3154 ਵਿਦਿਆਰਥੀ ਸ਼ਾਮਲ ਹੋਏ। ਪ੍ਰੀਖਿਆ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅੰਦਰ ਨਕਲ ਦੀ ਭਾਵਨਾ ਖਤਮ ਕਰਨ, ਪ੍ਰਤਿਭਾ ਦੀ ਸਹੀ ਪਰਖ਼ ਕਰਨਾ ਅਤੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਨੂੰ ਪੜ੍ਹਾਈ ਪ੍ਰਤੀ ਉਤਸ਼ਾਹਿਤ ਕਰਨਾ ਹੈ। ਪ੍ਰੀਖਿਆ ਦੇ ਸਬੰਧ ਵਿਚ ਜਾਣਕਾਰੀ ਦਿੰਦਿਆਂ ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਚੰਦ ਲੌਂਗੋਵਾਲ, ਸਕੱਤਰ ਹਰਭਗਵਾਨ ਗੁਰਨੇ ਅਤੇ ਮਾਸਟਰ ਪਰਮ ਵੇਦ ਨੇ ਦੱਸਿਆ ਕਿ ਪ੍ਰੀਖਿਆ ਲਈ ਜ਼ਿਲ੍ਹੇ ਵਿਚ ਮੂਨਕ, ਖਨੌਰੀ, ਲਹਿਰਾ, ਛਾਜਲੀ, ਸੁਨਾਮ, ਲੌਂਗੋਵਾਲ, ਸ਼ੇਰਪੁਰ, ਧੂਰੀ, ਭਵਾਨੀਗੜ੍ਹ, ਦਿੜਬਾ ਅਤੇ ਸੰਗਰੂਰ ਪ੍ਰੀਖਿਆ ਕੇਂਦਰ ਬਣਾਏ ਗਏ ਸਨ ਜਿਨ੍ਹਾਂ ਵਿਚ 3154 ਵਿਦਿਆਰਥੀਆਂ ਨੇ ਸ਼ਾਮਲ ਹੋ ਕੇ ਪ੍ਰੀਖਿਆ ਦਿੱਤੀ। ਸਥਾਨਕ ਸ਼ਹਿਰ ’ਚ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ’ਚ ਪ੍ਰੀਖਿਆ ਕੇਂਦਰ ਬਣਾਇਆ ਗਿਆ ਸੀ। ਪ੍ਰੀਖਿਆ ਵਿਚ ਪੰਜਵੀਂ ਕਲਾਸ ਤੱਕ 936 ਵਿਦਿਆਰਥੀਆਂ, ਅੱਠਵੀਂ ਕਲਾਸ ਤੱਕ ਦੇ 1077 ਵਿਦਿਆਰਥੀਆਂ, ਦਸਵੀਂ ਕਲਾਸ ਤੱਕ ਦੇ 812 ਵਿਦਿਆਰਥੀਆਂ ਅਤੇ ਬਾਰ੍ਹਵੀਂ ਕਲਾਸ ਤੱਕ ਦੇ 329 ਵਿਦਿਆਰਥੀਆਂ ਨੇ ਭਾਗ ਲਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਅਤੇ ਪ੍ਰਾਈਵੇਟ ਕੈਟਾਗਿਰੀਆਂ ’ਤੇ ਆਧਾਰਿਤ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਪੱਧਰ ਦੀ ਪ੍ਰੀਖਿਆ ਸੀ ਜਿਸ ਵਿਚ ਪ੍ਰੀਖਿਆ ਵਿਚ 100 ਬਹੁ-ਚੋਣਾਵੀਂ ਪ੍ਰਸ਼ਨਾਂ ਵਾਲਾ ਪ੍ਰਸ਼ਨ ਪੱਤਰ ਪੰਜਾਬੀ ਅਤੇ ਅੰਗਰੇਜ਼ੀ ਮਾਧਿਅਮ ਵਿਚ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਵਜ਼ੀਫ਼ਾ ਪ੍ਰੀਖਿਆ ਦਾ ਨਤੀਜਾ ਇੱਕ ਮਹੀਨੇ ਦੇ ਅੰਦਰ ਅੰਦਰ ਐਲਾਨਿਆ ਜਾਵੇਗਾ।
ਲਹਿਰਾਗਾਗਾ ਦੇ 264 ਬੱਚਿਆਂ ਨੇ ਪ੍ਰੀਖਿਆ ਦਿੱਤੀ
ਲਹਿਰਾਗਾਗਾ (ਰਮੇਸ਼ ਭਾਰਦਵਾਜ): ਬਲਾਕ ਲਹਿਰਾਗਾਗਾ ਵਿੱਚ ਇਹ ਪ੍ਰੀਖਿਆ ਕਰਵਾਈ ਗਈ, ਜਿਸ ਸਬੰਧੀ ਪ੍ਰੀਖਿਆ ਦੇ ਮੁੱਖ ਪ੍ਰਬੰਧਕ ਡੀ.ਟੀ.ਐਫ ਦੇ ਬਲਾਕ ਪ੍ਰਧਾਨ ਗੁਰਪ੍ਰੀਤ ਪਸ਼ੌਰ ਅਤੇ ਜਨਰਲ ਸਕੱਤਰ ਗੁਰਮੀਤ ਸੇਖੂਵਾਸ ਨੇ ਦੱਸਿਆ ਲਹਿਰਾਗਾਗਾ ਸੈਂਟਰ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ 264 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ।