ਗੁਰਦੀਪ ਸਿੰਘ ਲਾਲੀ
ਸੰਗਰੂਰ, 25 ਅਗਸਤ
ਇਥੇ ਸੈਂਕੜੇ ਬਸਪਾ ਵਰਕਰਾਂ ਵਲੋਂ ਜਾਤੀਵਾਦੀ ਸਿਸਟਮ ਦੇ ਖ਼ਿਲਾਫ਼ ਜ਼ਿਲ੍ਹਾ ਪੱਧਰੀ ਘੜਾ ਭੰਨ ਰੋਸ ਪ੍ਰਦਰਸ਼ਨ ਕੀਤਾ ਗਿਆ। ਰਾਜਸਥਾਨ ਦੇ ਇੱਕ ਸਕੂਲ ’ਚ ਪਾਣੀ ਵਾਲੇ ਘੜੇ ਨੂੰ ਛੂਹਣ ਕਾਰਨ ਉਚ ਜਾਤੀ ਦੇ ਅਧਿਆਪਕ ਵਲੋਂ ਦਲਿਤ ਵਿਦਿਆਰਥੀ ਦੀ ਕੁੱਟ-ਕੁੱਟ ਕੇ ਹੱਤਿਆ ਕਰਨ ਦੀ ਘਟਨਾ ਖ਼ਿਲਾਫ਼ ਬਸਪਾ ਵਰਕਰ ਸੜਕਾਂ ’ਤੇ ਉਤਰੇ ਸਨ ਜਿਨ੍ਹਾਂ ਨੇ ਹੱਥਾਂ ਵਿਚ ਘੜੇ ਅਤੇ ਜਾਤੀਵਾਦੀ ਸਿਸਟਮ ਦੇ ਖ਼ਿਲਾਫ਼ ਨਾਅਰਿਆਂ ਵਾਲੀਆਂ ਤਖਤੀਆਂ ਚੁੱਕੀਆਂ ਹੋਈਆਂ ਸਨ।
ਪ੍ਰਦਰਸ਼ਨਕਾਰੀ ਰਾਜਸਥਾਨ ਦੀ ਕਾਂਗਰਸ ਸਰਕਾਰ ਨੂੰ ਭੰਗ ਕਰਕੇ ਰਾਸ਼ਟਰਪਤੀ ਰਾਜ ਲਾਗੂ ਕਰਨ ਅਤੇ ਕਾਤਲ ਅਧਿਆਪਕ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕਰ ਰਹੇ ਸਨ।
ਸੈਂਕੜੇ ਬਸਪਾ ਵਰਕਰ ਅੱਜ ਨਾਭਾ ਗੇਟ ਸਥਿਤ ਲੇਬਰ ਚੌਕ ਵਿਚ ਇਕੱਠੇ ਹੋਏ ਜਿਥੋਂ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਕੈਂਥ, ਰਣਧੀਰ ਸਿੰਘ ਨਾਗਰਾ ਅਤੇ ਪਵਿੱਤਰ ਸਿੰਘ ਦੀ ਅਗਵਾਈ ਹੇਠ ਰੋਸ ਮਾਰਚ ਸ਼ੁਰੂ ਹੋਇਆ ਜੋ ਕਿ ਸ਼ਹਿਰ ਦੇ ਵੱਡਾ ਚੌਕ, ਛੋਟਾ ਚੌਕ, ਧੂਰੀ ਗੇਟ ਬਜ਼ਾਰ ਹੁੰਦਾ ਹੋਇਆ ਬੱਸ ਸਟੈਂਡ ਨਜ਼ਦੀਕ ਲਾਲ ਬੱਤੀ ਚੌਕ ਪੁੱਜਿਆ ਜਿਥੇ ਜਾਤੀਵਾਦੀ ਸਿਸਟਮ ਦਾ ਘੜਾ ਭੰਨ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਬਸਪਾ ਦੇ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ ਨੇ ਮੰਗ ਕੀਤੀ ਕਿ ਜਾਤੀਵਾਦੀ ਸਿਸਟਮ ਨੂੰ ਬੜਾਵਾ ਦੇਣ ਵਾਲਿਆਂ ਨੂੰ ਨੱਥ ਪਾਈ ਜਾਵੇ।ਘੜਾ ਭੰਨ ਪ੍ਰਦਰਸ਼ਨ ਮਗਰੋਂ ਜਦੋਂ ਪ੍ਰਸ਼ਾਸਨਿਕ ਅਧਿਕਾਰੀ ਮੰਗ ਪੱਤਰ ਲੈਣ ਨਾ ਪੁੱਜੇ ਤਾਂ ਬਸਪਾ ਵਰਕਰਾਂ ਨੇ ਡੀ.ਸੀ. ਕੰਪਲੈਕਸ ਅੰਦਰ ਦਾਖਲ ਹੋ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਜਿਸ ਕਾਰਨ ਏਡੀਸੀ ਵਲੋਂ ਬਾਹਰ ਆ ਕੇ ਮੰਗ ਪੱਤਰ ਲਿਆ ਗਿਆ। ਇਸ ਮੌਕੇ ਬਸਪਾ ਆਗੂ ਬੰਤ ਸਿੰਘ ਕੈਂਪਰ, ਭੋਲਾ ਸਿੰਘ ਧਰਮਗੜ੍ਹ, ਰਣਧੀਰ ਸਿੰਘ ਕੌਹਰੀਆਂ, ਸ਼ਿੰਦਰਪਾਲ ਸਿੰਘ, ਰਾਮ ਸਿੰਘ ਲੌਂਗੋਵਾਲ, ਡਾ.ਹਰਬੰਸ ਸਿੰਘ, ਕਸ਼ਮੀਰਾ ਸਿੰਘ, ਸ਼ੇਰ ਸਿੰਘ ਝਾੜੋਂ, ਗੁਰਬਖਸ਼ ਸਿੰਘ ਧੂਰੀ ਆਦਿ ਮੌਜੂਦ ਸਨ।