ਸੰਗਰੂਰ (ਨਿਜੀ ਪੱਤਰ ਪ੍ਰੇਰਕ) ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਰਾਮਵੀਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕੋਵਿਡ ਵੈਕਸੀਨੇਸ਼ਨ ਵਿੱਚ ਤੇਜ਼ੀ ਲਿਆਉਣ ਦੀ ਹਦਾਇਤ ਕੀਤੀ ਹੈ। ਚੋਣ ਕਮਿਸ਼ਨ ਵੱਲੋਂ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਸੌ ਫੀਸਦੀ ਬਾਲਗ ਨਾਗਰਿਕਾਂ ਨੂੰ ਕੋਵਿਡ ਵੈਕਸੀਨੇਸ਼ਨ ਦੇ ਦਾਇਰੇ ’ਚ ਲਿਆਉਣ ਲਈ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਹਾਲੇ ਤੱਕ ਟੀਕਾਕਰਨ ਕਰਵਾਉਣ ਤੋਂ ਵਾਂਝੇ ਨਾਗਰਿਕਾਂ ਲਈ ਵਿਸ਼ੇਸ਼ ਕੈਂਪਾਂ ਦਾ ਆਯੋਜਨ ਕੀਤਾ ਜਾਵੇ ਤੇ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਲਈ ਪ੍ਰੇਰਿਤ ਕਰਨ ਦੀ ਮੁਹਿੰਮ ਨੂੰ ਵਿਆਪਕ ਪੱਧਰ ’ਤੇ ਉਤਸ਼ਾਹਿਤ ਕੀਤਾ ਜਾਵੇ। ਉਨ੍ਹਾਂ ਸਮੂਹ ਵਿਧਾਨ ਸਭਾ ਹਲਕਿਆਂ ਦੇ ਰਿਟਰਨਿੰਗ ਅਧਿਕਾਰੀਆਂ ਨੂੰ ਆਪਣੀ ਨਿਗਰਾਨੀ ਹੇਠ ਵਿਸ਼ੇਸ਼ ਟੀਕਾਕਰਨ ਕੈਂਪਾਂ ਦੀ ਸਫ਼ਲਤਾ ਲਈ ਸਾਰਥਕ ਕਦਮ ਪੁੱਟੇ ਜਾਣ ਦੀ ਹਦਾਇਤ ਕੀਤੀ। ਰਾਮਵੀਰ ਨੇ ਕਿਹਾ ਕਿ ਓਮੀਕਰੋਨ ਦੇ ਮਾਮਲੇ ਤੇਜ਼ੀ ਨਾਲ ਵਧਣਾ ਚਿੰਤਾਜਨਕ ਹੈ ਤੇ ਅਸੀਂ ਆਪਣੇ ਨਾਗਰਿਕਾਂ ਦੀ ਚੰਗੀ ਸਿਹਤ ਲਈ ਫਿਕਰਮੰਦ ਹਾਂ ਤੇ ਅਗਲੇ 10 ਦਿਨਾਂ ਅੰਦਰ ਸਾਨੂੰ ਸਾਰਿਆਂ ਨੂੰ ਵੈਕਸੀਨੇਸ਼ਨ ਵਧਾਉਣ ਦੇ ਟੀਚੇ ਨੂੰ ਪੂਰਾ ਕਰਨ ਲਈ ਤਨਦੇਹੀ ਨਾਲ ਕਾਰਜ ਕਰਨੇ ਚਾਹੀਦੇ ਹਨ। ਉਨ੍ਹਾਂ ਸਿਵਲ ਸਰਜਨ ਸਣੇ ਸਿਹਤ ਵਿਭਾਗ ਦੇ ਹੋਰ ਅਧਿਕਾਰੀਆਂ ਨੂੰ 10 ਦਿਨਾਂ ਦਾ ਐਕਸ਼ਨ ਪਲਾਨ ਬਣਾਉਣ ਦੀ ਹਦਾਇਤ ਕੀਤੀ ਤਾਂ ਜੋ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ’ਚ ਵੈਕਸੀਨੇਸ਼ਨ ਦੀ ਦਰ ਨੂੰ ਵਧਾਇਆ ਜਾ ਸਕੇ ਤੇ ਹਰ ਉਸ ਵਿਅਕਤੀ ਨੂੰ ਸਵੈ-ਇੱਛਾ ਨਾਲ ਟੀਕਾਕਰਨ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਸਕੇ ਜੋ ਹਾਲੇ ਵੀ ਕਿਸੇ ਨਾ ਕਿਸੇ ਕਾਰਨ ਦੋਵੇਂ ਖੁਰਾਕਾਂ ਹਾਸਲ ਕਰਨ ਤੋਂ ਵਾਂਝੇ ਹਨ। ਉਨ੍ਹਾਂ ਕਿਹਾ ਕਿ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੁਆਰਾ ਪਹਿਲੀ ਡੋਜ਼ ਲੈਣ, ਦੂਜੀ ਡੋਜ਼ ਲੈਣ ਤੇ ਦੋਵੇਂ ਖੁਰਾਕਾਂ ਲੈਣ ਦੇ ਅੰਕੜਿਆਂ ’ਤੇ ਨਜ਼ਰ ਰੱਖੀ ਜਾ ਰਹੀ ਹੈ ਤੇ ਹਾਲੇ ਵੀ ਬਹੁ ਗਿਣਤੀ ਲੋਕ ਮੁਕੰਮਲ ਵੈਕਸੀਨੇਸ਼ਨ ਦੀ ਪ੍ਰਕਿਰਿਆ ਤੋਂ ਵਾਂਝੇ ਹਨ ਜਿਨ੍ਹਾਂ ਨੂੰ ਵੈਕਸੀਨੇਸ਼ਨ ਲਈ ਪ੍ਰੇਰਿਆ ਜਾਣਾ ਸਮੇਂ ਦੀ ਅਹਿਮ ਲੋੜ ਹੈ।