ਸੰਗਰੂਰ: ‘ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ’ ਦੇ ਮੈਨੇਜਿੰਗ ਟਰੱਸਟੀ ਡਾ. (ਪ੍ਰੋ) ਐਸ.ਪੀ. ਸਿੰਘ ਓਬਰਾਏ ਦੀ ਸਰਪ੍ਰਸਤੀ ਅਤੇ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਦੀ ਅਗਵਾਈ ਹੇਠ ਜ਼ਿਲ੍ਹਾ ਸੰਗਰੂਰ ਇਕਾਈ ਵੱਲੋਂ ਇਥੋਂ ਦੇ ਹੋਟਲ ਵਿਖੇ ਪੈਨਸ਼ਨ ਵੰਡ ਸਮਾਗਮ ਕਰਵਾਇਆ ਗਿਆ ਜਿਸ ਵਿਚ 86 ਪੈਨਸ਼ਨ ਧਾਰਕਾਂ ਨੂੰ ਪੈਨਸ਼ਨ ਦੇ ਚੈਕ ਵੰਡੇ ਗਏ। ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਸੁਖਮਿੰਦਰ ਸਿੰਘ ਹਰਮਨ ਨੇ ਕਿਹਾ ਕਿ ਜ਼ਿਲ੍ਹਾ ਬਰਨਾਲਾ ਦੀ ਵੱਖਰੀ ਟੀਮ ਦੀ ਬਣਨ ਨਾਲ ਜ਼ਿਲ੍ਹਾ ਬਰਨਾਲਾ ਅਤੇ ਮਾਲੇਰਕੋਟਲਾ ਦੇ ਪੈਨਸ਼ਨ ਧਾਰਕਾਂ ਨੂੰ ਪੈਨਸ਼ਨਾਂ ਦੇ ਚੈੱਕ ਹੁਣ ਬਰਨਾਲਾ ਅਤੇ ਮਾਲੇਰਕੋਟਲਾ ਵਿਖੇ ਹੀ ਦਿੱਤੇ ਜਾਇਆ ਕਰਨਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਅੰਦਰ ਟਰੱਸਟ ਵੱਲੋਂ ਪੇਂਡੂ ਖੇਤਰ ਦੇ ਲੜਕੇ ਲੜਕੀਆਂ ਨੂੰ ਕੰਪਿਉੂਟਰ ਸਿੱਖਿਆ ਦੇਣ ਲਈ ਵੱਖ ਵੱਖ ਥਾਵਾਂ ਤੇ ਟਰੱਸਟ ਵੱਲੋਂ ਕੰਪਿਉੂਟਰ ਸੈਂਟਰ ਵੀ ਚਲਾਏ ਜਾ ਰਹੇ ਹਨ। ਇਹਨਾਂ ਸੈਂਟਰਾਂ ਵਿੱਚ ਘਰਾਂ ਦੇ ਨੇੜੇ ਹੀ ਬੱਚੇ ਕੰਪਿਉੂਟਰ ਟਰੇਨਿੰਗ ਲੈ ਕੇ ਰੁਜ਼ਗਾਰ ਕਮਾਉਣ ਦੇ ਯੋਗ ਬਣ ਰਹੇ ਹਨ।-ਨਿੱਜੀ ਪੱਤਰ ਪ੍ਰੇਰਕ