ਐੱਸ ਐੱਸ ਸੱਤੀ
ਮਸਤੂਆਣਾ ਸਾਹਿਬ, 21 ਅਕਤੂਬਰ
ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀਆਂ ਥਾਂ-ਥਾਂ ਹੋ ਰਹੀਆਂ ਬੇਅਦਬੀਆਂ ਦੀ ਰੋਕਥਾਮ ਲਈ ਇਲਾਕੇ ਦੀਆਂ ਵੱਡੀ ਗਿਣਤੀ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਰਾਗੀ-ਗ੍ਰੰਥੀ, ਪ੍ਰਚਾਰਕ ਸਿੰਘਾਂ ਦੀ ਇਕੱਤਰਤਾ ਮਸਤੂਆਣਾ ਸਾਹਿਬ ਵਿਖੇ ਅਕਾਲ ਕਾਲਜ ਕੌਂਸਲ ਦੇ ਪ੍ਰਬੰਧਕਾਂ ਦੀ ਨਿਗਰਾਨੀ ਹੇਠ ਹੋਈ।
ਮੀਟਿੰਗ ਦੌਰਾਨ ਜਿਥੇ ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ, ਭਾਸ਼ਾ ਵਿਗਿਆਨੀ ਪ੍ਰਿੰਸੀਪਲ ਭਗਵੰਤ ਸਿੰਘ ਖਾਲਸਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ, ਜਥੇਦਾਰ ਮਲਕੀਤ ਸਿੰਘ ਚੰਗਾਲ ਤੋਂ ਇਲਾਵਾ ਗੁਰਦੁਆਰਾ ਬੁੰਗਾ ਮਸਤੂਆਣਾ ਸਾਹਿਬ ਦਮਦਮਾ ਸਾਹਿਬ ਦੇ ਮੁਖੀ ਸੰਤ ਕਾਕਾ ਸਿੰਘ, ਡਾ. ਗੁਰਵੀਰ ਸਿੰਘ, ਭਾਈ ਭੁਪਿੰਦਰ ਸਿੰਘ ਗਰੇਵਾਲ ਹੁਰਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀਆਂ ਹੋ ਰਹੀਆਂ ਬੇਅਦਬੀਆਂ ਨੂੰ ਲੈ ਕੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਬੇਅਦਬੀ ਕਰਨ ਵਾਲੇ ਲੋਕਾਂ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਕੇ ਸਖ਼ਤ ਸਜ਼ਾਵਾਂ ਦੇਣੀਆਂ ਚਾਹੀਦੀਆਂ ਹਨ, ਉਥੇ ਦਰਬਾਰ-ਏ-ਖਾਲਸਾ ਦੇ ਮੁੱਖ ਸੇਵਾਦਾਰ ਅਤੇ ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਨੇ ਕਿਹਾ ਕਿ ਪਿਛਲੇ ਸਮੇਂ ਖਾਸ ਤੌਰ ਤੇ ਸੰਨ 2015 ਤੋਂ ਬੇਅਦਬੀਆਂ ਦਾ ਦੌਰ ਲਗਾਤਾਰ ਜਾਰੀ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਕਾਨੂੰਨੀ ਤੌਰ ’ਤੇ ਕੋਈ ਸਜ਼ਾ ਨਹੀਂ ਮਿਲੀ। ਕਿਉਂਕਿ ਬੇਅਦਬੀਆਂ ਸਬੰਧੀ ਬਣੀ ਧਾਰਾ 295 ਏ ਮੁਤਾਬਕ ਕੇਸ ਸਿਰਫ ਮੈਜਿਸਟ੍ਰੇਟ ਦੇ ਚਲਦਾ ਹੈ ਅਤੇ ਵੱਧ ਤੋਂ ਵੱਧ ਤਿੰਨ ਸਾਲ ਦੀ ਸਜ਼ਾ ਹੋ ਸਕਦੀ ਹੈ। ਕੇਸ ਲੰਮਾ ਚੱਲਣ ਦੀ ਸੂਰਤ ਵਿਚ ਵੀ ਦੋਸ਼ੀ ਨੂੰ ਲਾਭ ਮਿਲਦਾ ਹੈ। ਉਨ੍ਹਾਂ ਕਿਹਾ ਕਿ ਧਾਰਾ 295 ਏ ਵਿੱਚ ਸੋਧ ਕਰਨ ਲਈ ਪੰਜਾਬ ਸਰਕਾਰ ਤੁਰੰਤ ਵਿਧਾਨ ਸਭਾ ਵਿੱਚ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜੇ, ਤਾਂ ਜੋ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਮਿਲ ਸਕੇ। ਇਸ ਮੌਕੇ ਸਰਦਾਰ ਜਸਵੰਤ ਸਿੰਘ ਖਹਿਰਾ ਅਤੇ ਭੁਪਿੰਦਰ ਸਿੰਘ ਗਰੇਵਾਲ ਨੇ ਇਲਾਕੇ ਦੇ ਸਿੰਘਾਂ ਦੀ ਇਕ ਤਾਲ਼ਮੇਲ ਕਮੇਟੀ ਬਣਾਉਣ ਦਾ ਮਤਾ ਸੰਗਤ ਵਿਚ ਰੱਖਿਆ। ਜੋ ਕਿ ਹਰ ਮੌਕੇ ਤਿਆਰ ਬਰ ਤਿਆਰ ਰਹੇਗੀ।