ਗੁਰਦੀਪ ਸਿੰਘ ਲਾਲੀ
ਸੰਗਰੂਰ, 20 ਮਾਰਚ
ਵਿਧਾਨ ਸਭਾ ਹਲਕਾ ਸੁਨਾਮ ਤੋਂ ਲਗਾਤਾਰ ਦੂਜੀ ਵਾਰ ਅਤੇ ਪੰਜਾਬ ਵਿੱਚ ਸਭ ਤੋਂ ਵੱਧ ਲੀਡ ਨਾਲ ਚੋਣ ਜਿੱਤਣ ਵਾਲੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨ ਅਰੋੜਾ ਨੂੰ ਪੰਜਾਬ ਕੈਬਨਿਟ ’ਚ ਸ਼ਾਮਲ ਨਾ ਕੀਤੇ ਜਾਣ ਦੀ ਲੋਕ ਸੋਸ਼ਲ ਮੀਡੀਆ ’ਤੇ ਜਿਥੇ ਹੈਰਾਨੀ ਜ਼ਾਹਰ ਕਰ ਰਹੇ ਹਨ ਉੱਥੇ ਕੈਬਨਿਟ ਵਿੱਚ ਸ਼ਾਮਲ ਕਰਨ ਦੀ ਮੰਗ ਵੀ ਕਰ ਰਹੇ ਹਨ।
ਖਾਸ ਕਰਕੇ ਅਮਨ ਅਰੋੜਾ ਦੇ ਸਿਆਸੀ ਵਿਰੋਧੀ ਵੀ ਅਰੋੜਾ ਦੀ ਸ਼ਖ਼ਸੀਅਤ ਦੀ ਤਾਰੀਫ਼ ਕਰਦਿਆਂ ਪੰਜਾਬ ਕੈਬਨਿਟ ’ਚ ਸੁਨਾਮ ਹਲਕੇ ਨੂੰ ਨੁਮਾਇੰਦਗੀ ਦੇਣ ਦੀ ਮੰਗ ਕਰ ਰਹੇ ਹਨ। ਦਰਅਸਲ ਸੋਸ਼ਲ ਮੀਡੀਆ ’ਤੇ ਲੋਕ ਪਹਿਲਾਂ ਹੀ ਅਮਨ ਅਰੋੜਾ ਦਾ ਪੰਜਾਬ ਕੈਬਨਿਟ ਵਿੱਚ ਸ਼ਾਮਲ ਹੋਣਾ ਯਕੀਨੀ ਮੰਨ ਰਹੇ ਸਨ ਅਤੇ ਕਈਆਂ ਨੇ ਤਾਂ ਅਮਨ ਅਰੋੜਾ ਨੂੰ ਵਿੱਤ ਮੰਤਰੀ ਬਣਨ ਦੀਆਂ ਵੀ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਸਨ। ਅਜਿਹੀ ਚਰਚਾ ਇਸ ਕਰਕੇ ਵੀ ਕੀਤੀ ਜਾ ਰਹੀ ਸੀ ਕਿ ਅਮਨ ਅਰੋੜਾ ਜਿਥੇ ਸੁਨਾਮ ਹਲਕੇ ਤੋਂ ਲਗਾਤਾਰ ਦੂਜੀ ਵਾਰ ਚੋਣ ਜਿੱਤੇ ਹਨ ਉੱਥੇ ਪੰਜਾਬ ਵਿੱਚ ਸਭ ਤੋਂ ਵੱਧ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਹੈ।
ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਵੀ ਅਮਨ ਅਰੋੜਾ ਨੂੰ ਕੈਬਨਿਟ ਵਿੱਚ ਸ਼ਾਮਲ ਨਾ ਕਰਨ ’ਤੇ ‘ਆਪ’ ਲੀਡਰਸ਼ਿਪ ’ਤੇ ਸਿਆਸੀ ਤੰਜ ਕੱਸਣ ਦਾ ਮੌਕਾ ਮਿਲ ਗਿਆ। ਕਾਂਗਰਸ ਪਾਰਟੀ ਦੇ ਆਗੂ ਤੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਮਨ ਅਰੋੜਾ, ਬਲਜਿੰਦਰ ਕੌਰ ਅਤੇ ਸਰਬਜੀਤ ਕੌਰ ਮਾਣੂੰਕੇ ਨੂੰ ਪੰਜਾਬ ਕੈਬਨਿਟ ਵਿੱਚ ਸ਼ਾਮਲ ਕੀਤੇ ਜਾਣ ’ਤੇ ਸਿਆਸੀ ਟਿੱਪਣੀ ਕੀਤੀ ਹੈ। ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਹੁਣ ਪੰਜਾਬ ਲੋਕ ਕਾਂਗਰਸ ਦੇ ਆਗੂ ਰਾਜਿੰਦਰ ਸਿੰਘ ਰਾਜਾ ਬੀਰਕਲਾਂ ਨੇ ਵੀ ਸਿਆਸੀ ਵਖਰੇਵਿਆਂ ਦੇ ਬਾਵਜੂਦ ਅਮਨ ਅਰੋੜਾ ਦੇ ਹੱਕ ਵਿੱਚ ਸੋਸ਼ਲ ਮੀਡਆ ’ਤੇ ਪੋਸਟ ਅਪਲੋਡ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਅਮਨ ਅਰੋੜਾ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾਵੇ।
ਭਾਵੇਂ ਪੰਜਾਬ ਮੰਤਰੀ ਮੰਡਲ ਵਿੱਚ ਅਜੇ ਸੱਤ ਹੋਰ ਚਿਹਰੇ ਸ਼ਾਮਲ ਹੋਣੇ ਬਾਕੀ ਹਨ ਜਿਸ ਕਰਕੇ ਕਈਆਂ ਨੂੰ ਦੂਜੀ ਲਿਸਟ ਵਿਚ ਦਾਅ ਲੱਗਣ ਦੀ ਉਮੀਦ ਹੈ। ਅੱਜ ਅਮਨ ਅਰੋੜਾ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲੇ ਹਨ ਉਸ ਦੀ ਵੀ ਸਿਆਸੀ ਹਲਕਿਆਂ ’ਚ ਖੂਬ ਚਰਚਾ ਹੈ। ਅਜਿਹੀ ਨਿੱਘੀ ਮਿਲਣੀ ਤੋਂ ਤਰਾਂ ਤਰਾਂ ਦੇ ਸਿਆਸੀ ਕਿਆਸੇ ਲਗਾਏ ਜਾ ਰਹੇ ਹਨ ਅਤੇ ਇਹ ਮਿਲਣੀ ਭਵਿੱਖ ਦੇ ਸ਼ੁਭ ਸੰਕੇਤ ਵੀ ਦੇ ਰਹੀ ਜਾਪਦੀ ਹੈ।