ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 31 ਅਕਤੂਬਰ
ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਨਾਲ ਸਬੰਧਤ ਸਾਹਿਤ ਅਤੇ ਸੱਭਿਆਚਾਰ ਮੰਚ ਦਿੜਬਾ ਦੀ ਮਹੀਨੇਵਾਰ ਇਕੱਤਰਤਾ ਗੁਰਤੇਜ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਬੈਰਸੀਆਣਾ ਹਸਪਤਾਲ ਦਿੜਬਾ ਦੀ ਲਾਇਬ੍ਰੇਰੀ ਵਿੱਚ ਹੋਈ। ਸਭਾ ਤੋਂ ਪਹਿਲਾਂ ਕਿਸਾਨੀ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਸੀਬੀਐੱਸਈ ਵੱਲੋਂ ਪੰਜਾਬੀ ਭਾਸ਼ਾ ਨੂੰ ਸਿਲੇਬਸ ਵਿੱਚੋਂ ਹਟਾਉਣ ਬਾਰੇ ਕੀਤੀ ਗਈ ਕਾਰਵਾਈ ਦੀ ਸਖ਼ਤ ਨਿਖੇਧੀ ਕੀਤੀ ਤੇ ਦੀਵਾਲੀ ਮੌਕੇ ਇਲਾਕੇ ਦੇ ਲੋਕਾਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦੀ ਅਪੀਲ ਕੀਤੀ। ਇੰਜਨੀਅਰ ਸੁਖਵੰਤ ਸਿੰਘ ਨੇ ਆਪਣੀ ਰਚਨਾ ਬੋਟ ਪੇਸ਼ ਕੀਤੀ, ਸਾਬਕਾ ਪੁਲੀਸ ਇੰਸਪੈਕਟਰ ਗੁਰਜੰਟ ਸਿੰਘ, ਮੁਲਾਜ਼ਮ ਆਗੂ ਦਰਸ਼ਨ ਸਿੰਘ ਰੋਗਲਾ, ਗੁਰਚਰਨ ਸਿੰਘ ਰੋਗਲਾ, ਸੁਖਬੀਰ ਸਿੰਘ ਘੁਮਾਣ, ਹਰਮੇਸ਼ ਸਿੰਘ ਮੇਸ਼ੀ, ਕ੍ਰਿਸ਼ਨ ਸਿੰਗਲਾ, ਸਵਰਨ ਸਿੰਘ, ਦਿਆਲ ਸਿੰਘ ਗੁਰਤੇਜ ਸਿੰਘ ਜਨਾਲ ਆਦਿ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਅਤੇ ਜਿੱਥੇ ਨੌਜਵਾਨਾਂ ਨੂੰ ਕਿਤਾਬਾਂ ਪੜ੍ਹਨ ਤੇ ਸਾਹਿਤ ਨਾਲ ਜੁੜਨ ਦਾ ਸੱਦਾ ਦਿੱਤਾ, ਉੱਥੇ ਨਸ਼ੇ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਇਲਾਵਾ ਦੂਸ਼ਿਤ ਹੋ ਰਹੇ ਵਾਤਾਵਰਨ, ਬੇਰੁਜ਼ਗਾਰੀ, ਸਰਕਾਰੀ ਅਤੇ ਗੈਰ ਸਰਕਾਰੀ ਦਫ਼ਤਰਾਂ ਵਿੱਚ ਮਾਤ ਭਾਸ਼ਾ ਪੰਜਾਬੀ ਨੂੰ ਚੰਗੀ ਤਰਾਂ ਲਾਗੂ ਨਾ ਕਰਨ ਬਾਰੇ, ਸਮੇਂ ਦੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਸਰਕਾਰ ਬਣਨ ਤੋਂ ਬਾਅਦ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਬਾਰੇ ਅਤੇ ਖੇਤੀ ਕਾਨੂੰਨਾਂ ਸਬੰਧੀ ਤੇ ਹੋਰ ਵੱਖ ਵੱਖ ਮੁੱਦਿਆ ’ਤੇ ਗੰਭੀਰ ਚਰਚਾ ਕੀਤੀ ਗਈ।