ਨਿੱਜੀ ਪੱਤਰ ਪ੍ਰੇਰਕ
ਧੂਰੀ, 28 ਦਸੰਬਰ
ਸੁਰਿੰਦਰ ਸ਼ਰਮਾ ਨਾਗਰਾ ਦੀ ਪੁਸਤਕ ‘ਮਾਲਵੇ ਦੇ ਸੱਭਿਆਚਾਰ ਦੀ ਖ਼ੁਸ਼ਬੋਈ’ (ਮੇਰਾ ਪਿੰਡ ਨਾਗਰਾ) ’ਤੇ ਵਿਸ਼ਾਲ ਗੋਸ਼ਟੀ ਕੀਤੀ ਗਈ। ਇਸ ਸਮਾਗਮ ਦੀ ਪ੍ਰਧਾਨਗੀ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਡਾ. ਤੇਜਵੰਤ ਮਾਨ, ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਪਵਨ ਹਰਚੰਦਪੁਰੀ, ਲੇਖਕ ਤੇ ਗਾਇਕ ਪਰਮਜੀਤ ਸਿੰਘ ਸਲਾਰੀਆ, ਸਭਾ ਦੇ ਸਰਪ੍ਰਸਤ ਪ੍ਰਿੰਸੀਪਲ ਕਿਰਪਾਲ ਸਿੰਘ ਜਵੰਧਾ, ਕਿਤਾਬ ਦੇ ਲੇਖਕ ਸੁਰਿੰਦਰ ਸ਼ਰਮਾ ਨਾਗਰਾ ਸ਼ਾਮਲ ਹੋਏ। ਸਭਾ ਦੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ ਰਾਜਪੂਤ ਨੇ ਸਾਰਿਆਂ ਨੂੰ ਸਭਾ ਵੱਲੋਂ ਜੀ ਆਇਆਂ ਕਿਹਾ। ਕੇਂਦਰੀ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਸੰਧੂ ਵਰਿਆਣਵੀ ਅਤੇ ਧਰਮ ਚੰਦ ਬਾਤਿਸ਼ ਨੇ ਆਪਣੇ-ਆਪਣੇ ਵਿਸਤ੍ਰਿਤ ਪੇਪਰ ਸਰੋਤਿਆਂ ਸਾਹਮਣੇ ਪੜ੍ਹੇ। ਪੜ੍ਹੇ ਪੇਪਰਾਂ ’ਤੇ ਕੀਤੀ ਗਈ ਬਹਿਸ ਵਿੱਚ ਡਾ. ਨਵਿੰਦਰ ਸਿੰਘ ਪੰਧੇਰ, ਡਾ. ਜੈ ਗੋਪਾਲ ਗੋਇਲ, ਕਵੀ ਅਮਰਜੀਤ ਸਿੰਘ ਅਮਨ, ਕਾਮਰੇਡ ਬਲਦੇਵ ਸਿੰਘ ਧਾਂਦਰਾ, ਗੁਲਜ਼ਾਰ ਸਿੰਘ ਸ਼ੌਂਕੀ, ਪਵਨ ਹਰਚੰਦਪੁਰੀ, ਨਾਹਰ ਸਿੰਘ ਮੁਬਾਰਕਪੁਰੀ, ਡਾ. ਕਮਲਜੀਤ ਸਿੰਘ ਟਿੱਬਾ ਨੇ ਭਾਗ ਲਿਆ। ਇਸ ਉਪਰੰਤ ਸਨਮਾਨ ਚਿੰਨ੍ਹ ਅਤੇ ਲੋਈ ਦੇ ਕੇ ਪੁਸਤਕ ਦੇ ਲੇਖਕ ਦਾ ਸਨਮਾਨ ਕੀਤਾ ਗਿਆ। ਇਸ ਦੇ ਨਾਲ਼ ਹੀ ਡਾ. ਤੇਜਵੰਤ ਮਾਨ ਅਤੇ ਸੰਧੂ ਵਰਿਆਣਵੀ ਹੋਰਾਂ ਦਾ ਵੀ ਸਨਮਾਨ ਕੀਤਾ ਗਿਆ। ਕਵੀਸ਼ਰੀ ਜਥੇ ਦੇ ਮਿੱਠੂ ਪਾਠਕ ਧਨੌਲਾ, ਸਤਨਾਮ ਪਾਠਕ ਧਨੌਲਾ, ਪ੍ਰੀਤ ਪਾਠਕ ਧਨੌਲਾ ਨੇ ਆਪਣੀ ਕਵੀਸ਼ਰੀ ਸੁਣਾ ਕੇ ਖੂਬ ਰੰਗ ਬੰਨ੍ਹਿਆ।