ਪੱਤਰ ਪ੍ਰੇਰਕ
ਮਸਤੂਆਣਾ ਸਾਹਿਬ, 10 ਅਕਤੂਬਰ
ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਵੱਲੋਂ ਪੰਜਾਬ ਵਿਚ ਖੇਤੀਬਾੜੀ ਤੇ ਕਿਸਾਨੀ ਦੇ ਸੰਕਟ, ਬਦਲਵੇਂ ਮਾਡਲ ਅਤੇ ਸੰਯੁਕਤ ਕਿਸਾਨ ਮੋਰਚੇ ਦੀ ਭੂਮਿਕਾ ਬਾਰੇ ਵਿਚਾਰ ਚਰਚਾ ਕਰਵਾਈ ਗਈ। ਇਸ ਮੌਕੇ ਫਰੰਟ ਦੇ ਆਗੂ ਸੁਖਦੇਵ ਸਿੰਘ ਭੂਪਾਲ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਦੀ ਜ਼ਮੀਨ, ਹਵਾ ਤੇ ਪਾਣੀ ਦੇ ਸਾਧਨਾਂ ਦਾ ਮਲੀਆਮੇਟ ਕੀਤਾ ਜਾ ਚੁੱਕਾ ਹੈ ਅਤੇ ਦੂਜੇ ਪਾਸੇ ਕਿਸਾਨ ਭਾਈਚਾਰਾ ਆਮਦਨ ਘਟਣ, ਲਾਗਤਾਂ ਤੇ ਕਰਜ਼ੇ ਦਾ ਬੋਝ ਵਧਣ ਕਰ ਕੇ ਗੰਭੀਰ ਸਮੱਸਿਆਵਾਂ ਨਾਲ ਦੋ ਚਾਰ ਹੋ ਰਿਹਾ ਹੈ। ਫਰੰਟ ਦੇ ਪ੍ਰਧਾਨ ਮਹਿੰਦਰ ਸਿੰਘ ਭੱਠਲ ਨੇ ਕਿਹਾ ਕਿ ਇਹ ਮਹਿਜ਼ ਭਰਮ ਹੈ ਕਿ ਕੁਦਰਤੀ ਖੇਤੀ ਕਰਕੇ ਖੇਤੀ ਉਤਪਾਦਨ ਘਟ ਜਾਵੇਗਾ। ਇਸ ਮੌਕੇ ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਦੇ ਜਨਰਲ ਸਕੱਤਰ ਜਗਪਾਲ ਸਿੰਘ ਊਧਾ ਨੇ ਵੀ ਸਾਂਝੇ ਜਨਤਕ ਘੋਲਾਂ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ। ਇਸ ਦੌਰਾਨ ਅਕਾਲ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ, ਆਲ ਇੰਡੀਆ ਕਿਸਾਨ ਫੈਡਰੇਸ਼ਨ ਦੇ ਆਗੂ ਕਿਰਨਜੀਤ ਸੇਖੋਂ, ਡਾ. ਏ ਐੱਸ ਮਾਨ, ਜਮਹੂਰੀ ਕਿਸਾਨ ਸਭਾ ਦੇ ਊਧਮ ਸਿੰਘ ਸੰਤੋਖਪੁਰਾ, ਬੀਕੇਯੂ (ਰਾਜੇਵਾਲ) ਦੇ ਰੋਹੀ ਸਿੰਘ ਮੰਗਵਾਲ, ਕਿਸਾਨ ਸਭਾ ਦੇ ਮੇਜਰ ਸਿੰਘ ਪੁੰਨਾਵਾਲ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਮਾਸਟਰ ਕੁਲਦੀਪ ਸਿੰਘ, ਡਾ. ਲਕਸ਼ਮੀ ਨਰਾਇਣ ਭੀਖੀ, ਇੰਜ. ਸੁਖਵਿੰਦਰ ਸਿੰਘ ਭੱਠਲ, ਮਨੀ ਰਾਮ ਪੂਨੀਆ ਆਦਿ ਨੇ ਵੀ ਚਰਚਾ ਵਿੱਚ ਹਿੱਸਾ ਲਿਆ।