ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 27 ਦਸੰਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਨੇੜਲੇ ਕਈ ਪਿੰਡਾਂ ਵਿੱਚ ਜੀਓ ਕੰਪਨੀ ਦੇ ਮੋਬਾਈਲ ਟਾਵਰਾਂ ਤੋਂ ਬਿਜਲੀ ਸਪਲਾਈ ਕੱਟ ਕੇ ਨੈੱਟਵਰਕ ਠੱਪ ਕਰ ਦਿੱਤਾ ਗਿਆ ਅਤੇ ਪਿੰਡਾਂ ਵਿੱਚ ਰੋਸ ਮਾਰਚ ਕੱਢਦਿਆਂ ਜੀਓ ਦਾ ਮੁਕੰਮਲ ਬਾਈਕਾਟ ਕਰਨ ਦਾ ਸੱਦਾ ਦਿੱਤਾ ਗਿਆ।
ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਟਰੈਕਟਰ-ਟਰਾਲੀਆਂ, ਟੈਂਪੂਆਂ ਅਤੇ ਮੋਟਰਸਾਈਕਲਾਂ ’ਤੇ ਸਵਾਰ ਕਿਸਾਨ ਬਰਨਾਲਾ ਰੋਡ ’ਤੇ ਸਥਿਤ ਬਡਰੁੱਖਾਂ ਵਿੱਚ ਜੀਓ ਕੰਪਨੀ ਦੀ ਐਕਸਚੇਂਜ ਵਿੱਚ ਪੁੱਜੇ ਜਿਥੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਨੌਜਵਾਨ ਕਿਸਾਨ ਗੇਟ ਖੋਲ੍ਹ ਕੇ ਐਕਸਚੇਂਜ ਕੰਪਲੈਕਸ ਵਿੱਚ ਦਾਖਲ ਹੋਏ ਜਿਥੇ ਉਨ੍ਹਾਂ ਜੀਓ ਟਾਵਰ ਦੀ ਸਵਿੱਚ ਕੱਟ ਕੇ ਬਿਜਲੀ ਸਪਲਾਈ ਬੰਦ ਕਰ ਦਿੱਤੀ।
ਕਿਰਤੀ ਕਿਸਾਨ ਯੂਨੀਅਨ ਦੇ ਆਗੂ ਦਰਸ਼ਨ ਸਿੰਘ ਕੁੰਨਰਾਂ, ਜੁਝਾਰ ਸਿੰਘ ਬਡਰੁੱਖਾਂ, ਸੁਖਦੇਵ ਸਿੰਘ ਉਭਾਵਾਲ, ਯੂਥ ਵਿੰਗ ਦੇ ਜ਼ਿਲ੍ਹਾ ਕਨਵੀਨਰ ਜਸਦੀਪ ਸਿੰਘ ਬਹਾਦਰਪੁਰ ਅਤੇ ਭਾਕਿਯੂ ਰਾਜੇਵਾਲ ਦੇ ਆਗੂ ਪ੍ਰੀਤਮ ਸਿੰਘ ਬਡਰੁੱਖਾਂ ਨੇ ਦੱਸਿਆ ਕਿ ਵੱਡੇ ਕਾਰਪੋਰੇਟ ਘਰਾਣਿਆਂ ਦੇ ਬਾਈਕਾਟ ਦੇ ਸੱਦੇ ਤਹਿਤ ਅੱਜ ਪਿੰਡ ਕੁੰਨਰਾਂ, ਬਡਰੁੱਖਾਂ, ਬਹਾਦਰਪੁਰ, ਉਭਾਵਾਲ ਵਿਖੇ ਜੀਓ ਮੋਬਾਇਲ ਕੰਪਨੀ ਦੇ ਟਾਵਰਾਂ ਦੀ ਸਪਲਾਈ ਕੱਟ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਿੰਡਾਂ ਵਿੱਚ ਰੋਸ ਮਾਰਚ ਕੱਢਦਿਆਂ ਜੀਓ ਅਤੇ ਕਾਰਪੋਰੇਟ ਘਰਾਣਿਆਂ ਦਾ ਮੁਕੰਮਲ ਤੌਰ ’ਤੇ ਬਾਈਕਾਟ ਕਰਨ ਦਾ ਹੋਕਾ ਦਿੱਤਾ ਗਿਆ।
ਸਮਾਣਾ (ਸੁਭਾਸ਼ ਚੰਦਰ): ਸੰਯੁਕਤ ਕਿਸਾਨ ਮੋਰਚਾ ਦਿੱਲੀ ਵੱਲੋਂ ਰਿਲਾਇੰਸ ਕੰਪਨੀ ਨਾਲ਼ ਸਬੰਧਤ ਮੋਬਾਈਲ ਟਾਵਰਾਂ ਨੂੰ ਘੇਰਨ ਦੇ ਦਿੱਤੇ ਸੱਦੇ ’ਤੇ ਅੱਜ ਸਮਾਣਾ ਇਲਾਕੇ ਦੇ ਪਿੰਡ ਫਤਿਹਪੁਰ ਵਿੱਚ ਲੱਗੇ ਜੀਓ ਟਾਵਰ ਦਾ ਕੁਨੈਕਸ਼ਨ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ ਕੱਟਿਆ ਗਿਆ।
ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਜਸਵੀਰ ਸਿੰਘ ਫਤਿਹਪੁਰ, ਸ਼ੇਰ ਸਿੰਘ ਕਾਕੜਾ ਅਤੇ ਸਿਮਰਨਜੀਤ ਟੋਡਰਪੁਰ ਨੇ ਦੱਸਿਆ ਕਿ ਕਿਸਾਨੀ ਘੋਲ ਨੂੰ ਸਿਆਸਤ ਤੋਂ ਪ੍ਰੇਰਿਤ ਕਹਿਣ ਵਾਲੇ ਅਤੇ ਖੇਤੀ ਨਾਲ ਦੂਰ ਦਾ ਵੀ ਸਬੰਧ ਨਾ ਹੋਣ ਦੇ ਬਾਵਜੂਦ ਖੇਤੀ ਕਾਨੂੰਨਾਂ ਦੀ ਤਰਫਦਾਰੀ ਕਰਨ ਵਾਲੇ ਅੰਬਾਨੀ ਗਰੁੱਪ ਨੂੰ ਪੰਜਾਬ ਦੇ ਕਿਸਾਨ ਜੀਓ ਟਾਵਰਾਂ ਨੂੰ ਠੱਪ ਕਰ ਕੇ ਬਣਦਾ ਜੁਆਬ ਦੇ ਰਹੇ ਹਨ। ਕਰੋੜਾਂ ਕਿਰਤਿਆਂ ਦੀ ਲੁੱਟ ’ਤੇ ਖੜ੍ਹੇ ਕਾਰਪੋਰੇਟ ਤੰਤਰ ਖ਼ਿਲਾਫ਼ ਸਾਧਾਰਨ ਕਿਸਾਨੀ ਨੂੰ ਲਾਮਬੰਦ ਕਰਕੇ ਖੜ੍ਹਾ ਕਰਨਾ ਇਸ ਕਿਸਾਨ ਅੰਦੋਲਨ ਦੀ ਮਿਸਾਲੀ ਉਪਲੱਬਧੀ ਹੈ। ਸਰਪੰਚ ਅਮਰਿੰਦਰ ਢੋਟ, ਕੁਲਦੀਪ ਸਿੰਘ, ਰਣਧੀਰ ਸਿੰਘ ਨੇ ਆਖਿਆ ਕਿ ਦਿੱਲੀ ਕਿਸਾਨ ਮੋਰਚੇ ਦੇ ਸੱਦੇ ’ਤੇ ਪ੍ਰਧਾਨ ਮੰਤਰੀ ਦੀ ਮਨ ਕੀ ਬਾਤ ਪ੍ਰੋਗਰਾਮ ਦੇ ਵਿਰੋਧ ਵਿੱਚ ਇਸ ਦੇ ਪ੍ਰਸਾਰਨ ਸਮੇਂ ਪਿੰਡ ਵਿੱਚ ਔਰਤਾਂ ਵੱਲੋਂ ਥਾਲੀਆਂ ਵੀ ਖੜਕਾਈਆਂ ਗਈਆਂ।
ਮਸਤੂਆਣਾ ਸਾਹਿਬ (ਐੱਸਐੱਸ ਸੱਤੀ): ਪਿੰਡ ਬਹਾਦਰਪੁਰ, ਬਡਰੁੱਖਾਂ, ਦੁੱਗਾਂ, ਕੁੰਨਰਾਂ, ਅੱਧੀ ਟਿੱਬਾ ਅਤੇ ਉੱਭਾਵਾਲ ਵਿੱਚ ਅੱਜ ਕਿਸਾਨ ਜਥੇਬੰਦੀਆਂ ਅਤੇ ਪੰਚਾਇਤਾਂ ਨੇ ਇਕੱਠੇ ਹੋਏ ਕੇ ਕਾਰਪੋਰੇਟ ਘਰਾਣਿਆਂ ਦੇ ਰਿਲਾਇੰਸ ਤੇ ਜੀਓ ਦੇ ਜਿੰਨੇ ਵੀ ਟਾਵਰ ਸਨ, ਉਨ੍ਹਾਂ ਟਾਵਰਾਂ ਦੇ ਕੁਨੈਕਸ਼ਨ ਕੱਟ ਦਿੱਤੇ ਹਨ।