ਗੁਰਦੀਪ ਸਿੰਘ ਲਾਲੀ
ਸੰਗਰੂਰ, 9 ਸਤੰਬਰ
ਰੈਵਨਿਊ ਪਟਵਾਰ/ਕਾਨੂੰਗੋ ਯੂਨੀਅਨ ਤਾਲਮੇਲ ਕਮੇਟੀ ਦੇ ਸੱਦੇ ’ਤੇ ਪਟਵਾਰੀਆਂ ਅਤੇ ਕਾਨੂੰਗੋਆਂ ਵੱਲੋਂ ਇਥੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਜ਼ਿਲ੍ਹਾ ਪੱਧਰੀ ਰੋਸ ਧਰਨਾ ਦਿੱਤਾ ਗਿਆ ਅਤੇ ਪਟਵਾਰੀਆਂ ਦੀਆਂ ਅਸਾਮੀਆਂ ਘਟਾਉਣ ਦੇ ਫੈਸਲੇ ਖ਼ਿਲਾਫ਼ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਧਰਨੇ ਨੂੰ ਸੰਬੋਧਨ ਕਰਦਿਆਂ ਦੀ ਰੈਵਨਿਊ ਪਟਵਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਭੁੱਲਰ ਅਤੇ ਰੈਵਨਿਊ ਕਾਨੂੰਗੋ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਗੁਰਜੀਤ ਸਿੰਘ ਤੁੰਗ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੁਨਰਗਠਨ ਦੇ ਨਾਂ ਹੇਠ ਪਟਵਾਰੀਆਂ ਦੀਆਂ ਅਸਾਮੀਆਂ 4716 ਤੋਂ ਘਟਾ ਕੇ 3660 ਕਰ ਦਿੱਤੀਆਂ ਗਈਆਂ ਹਨ ਜਦੋਂ ਕਿ ਪਿਛਲੇ ਸਾਲਾਂ ਦੌਰਾਨ ਪੰਜਾਬ ਦਾ ਵੱਡੇ ਪੱਧਰ ’ਤੇ ਸ਼ਹਿਰੀਕਰਨ ਹੋਣ ਕਰਕੇ ਕਈ ਨਵੇਂ ਜ਼ਿਲ੍ਹੇ ਅਤੇ ਤਹਿਸੀਲਾਂ ਹੋਂਦ ਵਿੱਚ ਆ ਚੁੱਕੀਆਂ ਹਨ। ਇਸ ਨਾਲ ਪਟਵਾਰੀਆਂ ਦਾ ਕੰਮ ਘਟਣ ਦੀ ਬਜਾਏ ਕਾਫੀ ਵੱਧ ਚੁੱਕਾ ਹੈ।
ਪਟਵਾਰ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਨਵਦੀਪ ਸਿੰਘ ਸਰਾਓ ਨੇ ਕਿਹਾ ਕਿ ਜੇਕਰ ਸਰਕਾਰ ’ਤੇ ਐਨਾ ਵਿੱਤੀ ਬੋਝ ਹੈ ਤਾਂ ਉਹ ਨਵੀਆਂ ਬਣਾਈਆਂ ਤਹਿਸੀਲਾਂ ਅਤੇ ਜ਼ਿਲ੍ਹੇ ਖਤਮ ਕਰ ਦੇਵੇ। ਮੌਜੂਦਾ ਸਰਕਾਰ ਨੂੰ ਪਿਛਲੀਆਂ ਸਰਕਾਰਾਂ ਦੇ ਰਾਹ ਨਹੀਂ ਤੁਰਨਾ ਚਾਹੀਦਾ। ਬੁਲਾਰਿਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਅਸਾਮੀਆਂ ਘਟਾਉਣ ਦਾ ਪੱਤਰ ਜਲਦ ਵਾਪਸ ਨਾ ਲਿਆ ਤਾਂ ਪੰਜਾਬ ਬਾਡੀ ਦੀ ਮੀਟਿੰਗ ਕਰਕੇ ਅਗਲਾ ਸੰਘਰਸ਼ ਵਿੱਢਿਆ ਜਾਵੇਗਾ।
ਮਗਨਰੇਗਾ ਕਰਮਚਾਰੀਆਂ ਵੱਲੋਂ ਹੜਤਾਲ
ਨਾਭਾ (ਜੈਸਮੀਨ ਭਾਰਦਵਾਜ): ਡਿਪਟੀ ਕਮਿਸ਼ਨਰ ਵੱਲੋਂ ਨੌਕਰੀ ਤੋਂ ਬਰਖਾਸਤ ਕੀਤੇ ਗ੍ਰਾਮ ਰੁਜ਼ਗਾਰ ਸਹਾਇਕ ਸਤਨਾਮ ਸਿੰਘ ਦੇ ਹੱਕ ’ਚ ਨਾਭਾ ਮਗਨਰੇਗਾ ਅਮਲਾ ਹੜਤਾਲ ’ਤੇ ਚਲਾ ਗਿਆ ਹੈ। ਉਨ੍ਹਾਂ ਨੇ ਡੀਸੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਜੀਆਰਐੱਸ ਦੀ ਬਰਖ਼ਾਸਤਗੀ ਨੂੰ ਕਥਿਤ ਧੱਕੇਸ਼ਾਹੀ ਦੱਸਿਆ।ਜ਼ਿਕਰਯੋਗ ਹੈ ਕਿ ਥੂਹੀ ਪਿੰਡ ਵਿੱਚ ਸ਼ਿਕਾਇਤ ’ਤੇ ਪੜਤਾਲ ਕਰਦਿਆਂ ਪਟਿਆਲਾ ਡੀਸੀ ਸਾਕਸ਼ੀ ਸਾਹਨੀ ਨੇ ਸਮਤਲ ਸ਼ਮਸ਼ਾਨਘਾਟ ਨੂੰ ਪੱਧਰਾ ਕਰਨ ਦਾ ਦੋ ਲੱਖ ਰੁਪਏ ਦਾ ਫਰਜ਼ੀ ਪ੍ਰਾਜੈਕਟ ਬਣਾਉਣ ਤੇ ਮ੍ਰਿਤਕ ਵਿਅਕਤੀਆਂ ਨੂੰ ਕੰਮ ਅਲਾਟ ਕਰਨ ਕਰਕੇ ਜੀਆਰਐੱਸ ਸਤਨਾਮ ਸਿੰਘ ਦਾ ਪੱਖ ਸੁਣ ਕੇ ਉਨ੍ਹਾਂ ਨੂੰ ਕਸੂਰਵਾਰ ਠਹਿਰਿਆ ਸੀ ਤੇ ਉਸ ਦਾ ਕੰਟਰੈਕਟ ਰੱਦ ਕਰ ਦਿੱਤਾ ਸੀ। ਤਕਨੀਕੀ ਸਹਾਇਕ ਨਵਦੀਪ ਸਿੰਘ, ਜਿਸ ਦਾ ਤਬਾਦਲਾ ਭੁੰਨਰਹੇੜੀ ਬਲਾਕ ’ਚ ਹੋ ਗਿਆ ਸੀ ਤੇ ਬੀਡੀਪੀਓ ਨਾਭਾ ਨੂੰ ਵੀ ਆਪਣਾ ਪੱਖ ਰੱਖਣ ਲਈ ਸਮਾਂ ਦਿੱਤਾ ਗਿਆ ਹੈ। ਰੋਸ ਪ੍ਰਦਰਸ਼ਨ ਕਰ ਰਹੇ ਜੀਅਰਐੱਸ ਹਰਪ੍ਰੀਤ ਸਿੰਘ ਨੇ ਕਿਹਾ ਕਿ ਡੀਸੀ ਨੇ ਸਤਨਾਮ ਸਿੰਘ ਨੂੰ ਆਪਣਾ ਪੱਖ ਰੱਖਣ ਦਾ ਪੂਰਾ ਮੌਕਾ ਨਹੀਂ ਦਿੱਤਾ ਤੇ ਦੋ ਦਿਨਾਂ ’ਚ ਹੀ ਨੌਕਰੀ ਤੋਂ ਬਰਖਾਸਤ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਟਾਫ ਦੀ ਕਮੀ ਕਾਰਨ ਹਰ ਜੀਆਰਐੱਸ ਕੋਲ 20-20 ਪਿੰਡਾਂ ਦੇ ਕੰਮ ਦਾ ਬੋਝ ਹੈ। ਉਨ੍ਹਾਂ ਕਿਹਾ ਜ਼ਮੀਨ ਸਬੰਧੀ ਪੜਤਾਲ ਵੀ ਕਿਸੇ ਜੇਈ ਜਾਂ ਐਕਸੀਅਨ ਕੋਲੋਂ ਨਹੀਂ ਕਰਵਾਈ ਗਈ। ਫਿਲਹਾਲ ਮਗਨਰੇਗਾ ਅਮਲੇ ਵੱਲੋਂ ਹੜਤਾਲ ਜਾਰੀ ਹੈ।