ਹਰਦੀਪ ਸਿੰਘ ਸੋਢੀ
ਧੂਰੀ, 9 ਨਵੰਬਰ
ਕਈ ਦਿਨਾਂ ਤੋਂ ਕੇਆਰਬੀ ਐਲ ਫੈਕਟਰੀ ਭਸੌੜ ਅੱਗੇ ਆਪਣੀਆਂ ਮੰਗਾਂ ਲਈ ਧਰਨਾ ਦਿੰਦੇ ਹੋਏ ਸਥਾਨਕ ਟਰੱਕ ਅਪਰੇਟਰਾਂ ਨੇ ਮੁੱਖ ਮਾਰਗ ਨੂੰ ਵੀ ਕੁਝ ਘੰਟਿਆਂ ਲਈ ਜਾਮ ਕੀਤਾ ਤੇ ਫੈਕਟਰੀ ਵਿਰੁੱਧ ਨਾਅਰੇਬਾਜ਼ੀ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਮਨਜੋਤ ਸਿੰਘ ਕਾਲਾ, ਵਰਿੰਦਰਪਾਲ ਸਿੰਘ ਭੁੱਲਰ, ਜਗਜੀਤ ਸਿੰਘ ਰਾਏ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਦਰਬਾਰ ਸਿੰਘ ਭਸੌੜ, ਕੁਲਵੰਤ ਸਿੰਘ ਭੰਤੀ, ਹਰਦੇਵ ਸਿੰਘ ਖੇੜੀ ਅਤੇ ਚਮਕੌਰ ਸਿੰਘ ਨੇ ਦੱਸਿਆ ਕਿ ਫੈਕਟਰੀ ਮਾਲਕਾਂ ਵੱਲੋਂ ਭਾੜੇ ਨੂੰ ਵਧਾਉਣ ਦੀ ਥਾਂ ਪਿਛਲੇ ਭਾੜੇ ਵਿੱਚੋਂ ਦੋ ਰੁਪਏ ਘਟਾ ਦਿੱਤੇ, ਜਿਸ ਕਾਰਨ ਉਨ੍ਹਾਂ ਨੂੰ ਸੜਕਾਂ ’ਤੇ ਉਤਰਨਾ ਪਿਆ। ਉਨ੍ਹਾਂ ਦਾ ਮਸਲਾ ਜਲਦ ਹੱਲ ਨਾ ਹੋਇਆ ਸੰਘਰਸ਼ ਨੂੰ ਪੰਜਾਬ ਪੱਧਰ ’ਤੇ ਲਿਜਾਇਆ ਜਾਵੇਗਾ। ਕੇਆਰਬੀ ਦੇ ਉੱਚ ਅਧਿਕਾਰੀ ਸਾਗਰ ਸਿੱਧੂ ਨੇ ਕਿਹਾ ਮਸਲੇ ਦਾ ਹੱਲ ਜਲਦੀ ਕਰ ਦਿੱਤਾ ਜਾਵੇਗਾ।