ਹਰਦੀਪ ਸਿੰਘ ਸੋਢੀ
ਧੂਰੀ, 2 ਅਪਰੈਲ
ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਧੂਰੀ ਦੇ ਵਿਚਕਾਰੋਂ ਲੰਘਦੇ ਰਜਬਾਹੇ ਵਿੱਚ ਫੈਲੀ ਗੰਦਗੀ ਕਾਰਨ ਸ਼ਹਿਰ ਵਾਸੀ ਪ੍ਰੇਸ਼ਾਨ ਹਨ। ਇਸ ਸਬੰਧੀ ਸੀਨੀਅਰ ਸਿਟੀਜ਼ਨ ਹਰਬੰਸ ਸਿੰਘ ਸੋਢੀ, ਕਿਰਪਾਲ ਸਿੰਘ ਰਾਜੋਮਾਜਰਾ, ਜਗਦੀਸ਼ ਸ਼ਰਮਾ ਤੇ ਹਰਿੰਦਰ ਸਿੰਘ ਹੈਰੀ ਨੇ ਦੱਸਿਆ ਕਿ ਰਜਬਾਹੇ ਦਾ ਪਾਣੀ ਦਰਜਨਾਂ ਪਿੰਡਾਂ ਦੇ ਖੇਤਾਂ ਵਿੱਚ ਜਾਂਦਾ ਹੈ ਪਰ ਹੁਣ ਪਾਣੀ ਦੀ ਬੰਦੀ ਸਮੇਂ ਸ਼ਹਿਰ ਦੇ ਲੋਕ ਆਪਣੇ ਘਰਾਂ ਦਾ ਗਿੱਲਾ ਸੁੱਕਾ ਕੁੂੜਾ ਇਸ ਵਿੱਚ ਸੁੱਟ ਦਿੰਦੇ ਹਨ, ਜਿਸ ਕਾਰਨ ਇਸ ਵਿੱਚੋਂ ਬਦਬੂ ਆਉਂਦੀ ਹੈ। ਉਨ੍ਹਾਂ ਕਿਹਾ ਕਿ ਰਜਬਾਹੇ ਦੇ ਆਲੇ ਦੁਆਲੇ ਲੋਕਾਂ ਨੇ ਨਾਜਾਇਜ਼ ਕਬਜ਼ੇ ਵੀ ਕਰ ਰੱਖੇ ਹਨ। ਉਨ੍ਹਾਂ ਮੰਗ ਕੀਤੀ ਕਿ ਰਜਬਾਹੇ ਦਾ ਸੁੰਦਰੀਕਰਨ ਕੀਤਾ ਜਾਵੇ ਤੇ ਇਸ ਨੂੰ ਅੰਡਰ ਗਰਾਊਂਡ ਵੱਡੀਆਂ ਪਾਈਪਾਂ ਪਾ ਕੇ ਬੰਦ ਕੀਤਾ ਜਾਵੇ। ਨਹਿਰੀ ਵਿਭਾਗ ਦੇ ਐੱਸਡੀਓ ਨੇ ਕਿਹਾ ਉਹ ਇਸ ਬਾਰੇ ਅਪਣੇ ਸੀਨੀਅਰ ਨਾਲ ਗੱਲਬਾਤ ਕਰਨਗੇ। ‘ਆਪ’ ਦੇ ਸੀਨੀਅਰ ਆਗੂ ਦਲਵੀਰ ਸਿੰਘ ਢਿੱਲੋਂ ਨੇ ਕਿਹਾ ਉਹ ਸਮੱਸਿਆ ਨੂੰ ਮੁੱਖ ਮੰਤਰੀ ਤੱਕ ਪਹੁੰਚਦੀ ਕਰਨਗੇ।