ਹਰਦੀਪ ਸਿੰਘ ਸੋਢੀ
ਧੂਰੀ, 10 ਅਗਸਤ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਧੂਰੀ ਦੇ ਪ੍ਰਧਾਨ ਹਰਬੰਸ ਸਿੰਘ ਲੱਡਾ ਦੀ ਅਗਵਾਈ ਵਿੱਚ ਇੱਕ ਕਿਸਾਨ ਉੱਪਰ ਦਰਜ ਝੂਠੇ ਪਰਚੇ ਨੂੰ ਰੱਦ ਕਰਵਾਉਣ ਅਤੇ ਐੱਸਐੱਚਓ ਹਰਜਿੰਦਰ ਸਿੰਘ ਢਿੱਲੋਂ ਵੱਲੋਂ ਕਿਸਾਨਾਂ ਨਾਲ ਵਰਤੀ ਮਾੜੀ ਭਾਸ਼ਾ ਦੇ ਰੋਸ ਕਾਰਨ ਧੂਰੀ ਥਾਣੇ ਦੇ ਗੇਟ ਅੱਗੇ ਧਰਨਾ ਲਾਇਆ। ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਪਿੰਡ ਮੰਗਵਾਲ ਦਾ ਕਿਸਾਨ ਏਕਮ ਸਿੰਘ ਜੋ ਦੁੱਧ ਦਾ ਕੰਮ ਕਰਦਾ ਹੈ ਨੇ ਧੂਰੀ ਦੇ ਗਗਨਦੀਪ ਕੁਮਾਰ ਤੋਂ ਦੁੱਧ ਦੇ ਪੈਸੇ ਲੈਣੇ ਸਨ, ਜੋ ਪੈਸੇ ਦੇਣ ਤੋਂ ਮੁਕਰ ਗਿਆ। ਉਨ੍ਹਾਂ ਕਿਹਾ ਇਸ ਸਬੰਧੀ ਉਸ ਨੇ ਆਪਣੇ ਪੈਸੇ ਲੈਣ ਲਈ ਧੂਰੀ ਪੁਲੀਸ ਨੂੰ ਸੂਚਿਤ ਕੀਤਾ ਤੇ ਗਗਨਦੀਪ ਕੁਮਾਰ ਤੋਂ ਪੈਸੇ ਲੈਣ ਲਈ ਵਾਰ ਵਾਰ ਉਸ ਕੋਲ ਚੱਕਰ ਲਾਏ ਪਰ ਪੁਲੀਸ ਨੇ ਪੈਸੇ ਦਿਵਾਉਣ ਦੀ ਥਾਂ ਪੀੜਤ ਕਿਸਾਨ ਨਾਲ ਦੁਰਵਿਹਾਰ ਕੀਤਾ ਤੇ ਉਲ਼ਟਾ ਏਕਮ ਸਿੰਘ ’ਤੇ ਲੁੱਟ ਖੋਹ ਦਾ ਪਰਚਾ ਦਰਜ ਕਰ ਦਿੱਤਾ। ਉਨ੍ਹਾਂ ਕਿਹਾ ਪੀੜਤ ਕਿਸਾਨ ਨੂੰ ਇਨਸਾਫ ਦਿਵਾਉਣ ਲਈ ਇਹ ਧਰਨਾ ਅਣਮਿੱਥੇ ਸਮੇਂ ਲਈ ਲਾਇਆ ਗਿਆ ਹੈ। ਉਨ੍ਹਾਂ ਕਿਹਾ ਜਦੋਂ ਇਸ ਝੂਠੇ ਪਰਚੇ ਸਬੰਧੀ ਧੂਰੀ ਦੇ ਐੱਸਐੱਸਓ ਨੂੰ ਮਿਲਣ ਗਏ ਤਾਂ ਉਨ੍ਹਾਂ ਕਿਸਾਨਾਂ ਨਾਲ ਮਾੜੀ ਭਾਸ਼ਾ ਵਰਤੀ। ਦੁੂਜੇ ਪਾਸੇ ਧੂਰੀ ਦੇ ਐਸਐਸਓ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਪੀੜਤ ਕਿਸਾਨ ਨੂੰ ਇਨਸਾਫ ਦਿਵਾਉਣ ਦਾ ਭਰੋਸਾ ਦਿਵਾਇਆ ਜਿਸ ਮਗਰੋਂ ਕਿਸਾਨਾਂ ਨੇ ਧਰਨਾ ਸਮਾਪਤ ਕਰ ਦਿੱਤਾ। ਧਰਨਾਕਾਰੀਆਂ ਨੇ ਕਿਹਾ ਕਿ ਜੇ ਪੁਲੀਸ ਪ੍ਰਸ਼ਾਸਨ ਵਲੋਂ ਪੀੜਤ ਕਿਸਾਨ ਨੂੰ ਇਨਸਾਫ ਨਾ ਦਿੱਤਾ ਗਿਆ ਤਾਂ ਉਹ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ ਤੇ ਰੋਡ ਜਾਮ ਕਿੱਤਾ ਜਾਵੇਗਾ। ਉਨ੍ਹਾਂ ਕਿਹਾ ਇਹ ਸੰਘਰਸ਼ ਏਕਮ ਸਿੰਘ ਉੱਪਰ ਝੂਠਾ ਪਰਚਾ ਰੱਦ ਕਰਨ ਉਪਰੰਤ ਹੀ ਖਤਮ ਕੀਤਾ ਜਾਵੇਗਾ। ਧਰਨੇ ਨੂੰ ਕਿਰਪਾਲ ਸਿੰਘ ਧੂਰੀ, ਮਨਜੀਤ ਸਿੰਘ ਜਹਾਂਗੀਰ, ਮਹਿੰਦਰ ਸਿੰਘ ਭਸੌੜ, ਕਰਮਜੀਤ ਸਿੰਘ ਮੰਗਵਾਲ, ਮਿੱਠੂ ਸਿੰਘ ਕਿਲਾ ਹਕੀਮਾਂ, ਭੋਲਾ ਸਿੰਘ ਗੁਰਦਾਸਪੁਰ ਨੇ ਵੀ ਸੰਬੋਧਨ ਕੀਤਾ।