ਹਰਦੀਪ ਸਿੰਘ ਸੋਢੀ
ਧੂਰੀ, 29 ਜੂਨ
ਵੀਹ ਦਿਨ ਤੋਂ ਅਤਿ ਦੀ ਗਰਮੀ ਦੇ ਬਾਵਜੂਦ ਪੀਣ ਵਾਲੇ ਪਾਣੀ ਨੂੰ ਤਰਸਦੇ ਪਿੰਡ ਰਾਜੋਮਾਜਰਾ ਦੇ ਲੋਕਾਂ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਧੂਰੀ ਵਿਖੇ ਤੋਤਾਪੁਰੀ ਰੋਡ ‘ਤੇ ਸਥਿਤ ਦਫ਼ਤਰ ਮੂਹਰੇ ਧਰਨਾ ਦਿੱਤਾ। ਪਿੰਡ ਵਾਸੀਆਂ ਰਣਜੀਤ ਸਿੰਘ, ਅਮਰੀਕ ਸਿੰਘ, ਸੱਤਪਾਲ ਸਿੰਘ, ਅਵਤਾਰ ਸਿੰਘ, ਜਰਨੈਲ ਸਿੰਘ, ਕੁਲਦੀਪ ਸਿੰਘ, ਸਾਬਕਾ ਪੰਚਾਇਤ ਮੈਂਬਰ ਭੁਪਿੰਦਰ ਕੌਰ ਅਤੇ ਸਿੰਦਰ ਕੌਰ ਨੇ ਦੱਸਿਆ ਕਿ ਪਿੰਡ ਦੇ ਵਾਟਰ ਵਰਕਸ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਨਾ ਮਿਲਣ ਕਾਰਨ ਉਹ ਵੀਹ ਦਿਨ ਤੋਂ ਜਿੱਥੇ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ ਉਥੇ ਨਹਾਉਣ-ਧੋਣ ਤੋਂ ਵੀ ਔਖੇ ਹੋ ਰਹੇ ਹਨ। ਉਨ੍ਹਾਂ ਸਮੱਸਿਆ ਦਾ ਫੌਰੀ ਹੱਲ ਕਰਨ ਦੀ ਮੰਗ ਕੀਤੀ ਤੇ ਕਿਹਾ ਜਦੋਂ ਤੱਕ ਹੱਲ ਨਹੀਂ ਹੁੰਦਾ ਉਦੋਂ ਤੱਕ ਵਿਭਾਗ ਟੈਂਕਰਾਂ ਨਾਲ ਪੀਣ ਵਾਲੇ ਪਾਣੀ ਦੀ ਸਪਲਾਈ ਘਰ-ਘਰ ਦੇਣ ਦਾ ਪ੍ਰਬੰਧ ਕਰੇ।
ਡੀਐੱਸਪੀ ਧੂਰੀ ਪਰਮਿੰਦਰ ਸਿੰਘ ਅਤੇ ਐੱਸਐੱਚਓ ਸਿਟੀ ਹਰਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਪਿੰਡ ਦੇ ਲੋਕਾਂ ਦੀ ਸਮੱਸਿਆ ਨੂੰ ਹੱਲ ਕਰਵਾਉਣ ਲਈ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ।