ਹਰਦੀਪ ਸਿੰਘ ਸੋਢੀ
ਧੂਰੀ, 24 ਅਗਸਤ
ਪੰਜਾਬ ਦੀ ‘ਆਪ’ ਸਰਕਾਰ ਵੱਲੋਂ 1 ਅਗਸਤ ਤੋਂ ਆਨਲਾਈਨ ਅਸ਼ਟਾਮ ਵੇਚਣ ਦੀ ਸ਼ੁਰੂ ਕੀਤੀ ਪ੍ਰਕਿਰਿਆ ਰਾਹੀਂ ਲੋਕਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਆਮ ਲੋਕਾਂ ਲਈ ਇਹ ਸਕੀਮ ਇੱਕ ਸਮੱਸਿਆ ਬਣ ਕੇ ਉੱਭਰੀ ਹੈ ਅਤੇ ਲੋਕਾਂ ਨੂੰ ਅਸ਼ਟਾਮ ਖਰੀਦਣ ਲਈ ਪੂਰਾ-ਪੂਰਾ ਦਿਨ ਦੀ ਉਡੀਕ ਕਰਨੀ ਪੈ ਰਹੀ ਹੈ| ਜਦੋਂ ਪੱਤਰਕਾਰਾਂ ਨੇ ਇੱਥੇ ਤਹਿਸੀਲ ਕੰਪਲੈਕਸ ਦਾ ਦੌਰਾ ਕੀਤਾ ਤਾਂ ਲੋਕ ਖੱਜਲ-ਖੁਆਰ ਦਿਖਾਈ ਦਿੱਤੇ| ਲੋਕਾਂ ਨੇ ਦੱਸਿਆ ਕਿ ਨਵੀਂ ਅਸ਼ਟਾਮ ਪ੍ਰਕਿਰਿਆ ਨੇ ਲੋਕਾਂ ਨੂੰ ਰਾਹਤ ਦੇਣ ਦੀ ਬਜਾਇ ਖੱਜਲ-ਖੁਆਰ ਕੀਤਾ ਹੈ ਅਤੇ ਉਨ੍ਹਾਂ ਨੂੰ ਸੰਗਰੂਰ ਤੇ ਮਾਲੇਰਕੋਟਲਾ ਤੋਂ ਅਸ਼ਟਾਮ ਲਿਆਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ| ਲੋਕਾਂ ਨੇ ਦੱਸਿਆ ਕਿ ਪਹਿਲਾਂ ਜਿੱਥੇ ਸ਼ਨਾਖਤੀ ਕਾਰਡ ਦਿਖਾਉਣ ’ਤੇ ਹੀ ਅਸ਼ਟਾਮ ਮਿਲ ਜਾਂਦਾ ਸੀ, ਪਰ ਹੁਣ ਅਸ਼ਟਾਮ ਲੈਣ ਲਈ ਜਿੱਥੇ ਫਾਰਮ ਭਰਨਾ ਪੈਂਦਾ ਹੈ, ਉੱਥੇ ਆਧਾਰ ਕਾਰਡ ਦੀ ਫੋਟੋ ਕਾਪੀ ਵੀ ਦੇਣੀ ਪੈਂਦੀ ਹੈ ਅਤੇ ਕਈ-ਕਈ ਘੰਟਿਆਂ ਬਾਅਦ ਅਸ਼ਟਾਮ ਦੀ ਵਾਰੀ ਆਉਂਦੀ ਹੈ ਅਤੇ ਕਈ-ਕਈ ਵਾਰ ਅਗਲੇ ਦਿਨ ਅਸ਼ਟਾਮ ਮਿਲਦਾ ਹੈ|
ਸ਼ਹਿਰ ਵਾਸੀਆਂ ਨੇ ਮੰਗ ਕੀਤੀ ਕਿ ਆਨਲਾਈਨ ਅਸ਼ਟਾਮ ਪ੍ਰਕਿਰਿਆ ਨੂੰ ਜਿੱਥੇ ਆਮ ਲੋਕਾਂ ਲਈ ਸਿਟੀਜਨ ਪੋਰਟਲ ਰਾਹੀਂ ਖੋਲ੍ਹਿਆ ਜਾਵੇ, ਉੱਥੇ ਅਸ਼ਟਾਮਫਰੋਸ਼ਾਂ ਦੀ ਗਿਣਤੀ ਵਧਾਈ ਜਾਵੇ ਤਾਂ ਜੋ ਲੋਕਾਂ ਨੂੰ ਬਗੈਰ ਖੱਜਲ ਖੁਆਰੀ ਤੋਂ ਅਸ਼ਟਾਮ ਮਿਲ ਸਕਣ|
ਸਮੱਸਿਆ ਦਾ ਜਲਦੀ ਹੀ ਹੱਲ ਹੋਵੇਗਾ: ਤਹਿਸੀਲਦਾਰ
ਤਹਿਸੀਲਦਾਰ ਧੂਰੀ ਕੁਲਦੀਪ ਸਿੰਘ ਨੇ ਕਿਹਾ ਕਿ ਸ਼ਹਿਰ ਵਿੱਚ ਸਿਰਫ਼ ਤਿੰਨ ਅਸ਼ਟਾਮਫਰੋਸ਼ਾਂ ਦੀ ਹੀ ਆਨਲਾਈਨ ਅਸ਼ਟਾਮ ਵੇਚਣ ਸਬੰਧੀ ਆਈਡੀ ਬਣੀ ਹੈ ਅਤੇ ਜਲਦੀ ਹੀ ਬਾਕੀ ਅਸ਼ਟਾਮਫਰੋਸ਼ਾਂ ਦੀ ਆਈਡੀ ਬਣ ਜਾਵੇਗੀ, ਜਿਸ ਕਾਰਨ ਲੋਕਾਂ ਨੂੰ ਮੁਸ਼ਕਲ ਨਹੀਂ ਆਵੇਗੀ।