ਹਰਦੀਪ ਸਿੰਘ ਸੋਢੀ
ਧੂਰੀ, 20 ਮਈ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਬੇਨੜਾ ਦਰਵਾਜ਼ੇ ਕੋਲ ਇਕਾਈ ਦੇ ਪ੍ਰਧਾਨ ਹਰਬੰਸ ਸਿੰਘ ਲੱਡਾ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਸਾਰੇ ਆਗੂਆਂ ਨੇ ਭਾਗ ਲਿਆ. ਮੀਟਿੰਗ ਵਿੱਚ ਧਰਤੀ ਦੇ ਹੇਠਲੇ ਪਾਣੀ ਨੂੰ ਬਚਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਨੇ ਕਿਹਾ ਧਰਤੀ ਹੇਠਲਾ ਪਾਣੀ ਸਿਰਫ ਕਿਸਾਨਾਂ ਦੀਆਂ ਫਸਲਾਂ ਕਾਰਨ ਹੇਠਾਂ ਨਹੀਂ ਜਾ ਰਿਹਾ, ਇਸ ਦੇ ਹੋਰ ਵੀ ਬਹੁਤ ਕਾਰਨ ਹਨ। ਉਨ੍ਹਾਂ ਦੀ ਜਥੇਬੰਦੀ ਧਰਤੀ ਦੇ ਹੇਠਲੇ ਪਾਣੀ ਨੂੰ ਉੱਪਰ ਲਿਆਉਣ ਲਈ ਰੂਪ ਰੇਖਾ ਤਿਆਰ ਕਰ ਰਹੀ ਹੈ, ਜਿਸ ਵਿੱਚ ਉਨ੍ਹਾਂ ਸਮੂਹ ਕਿਸਾਨ ਜਥੇਬੰਦੀਆਂ ਦਾ ਸਹਿਯੋਗ ਮੰਗਿਆ ਹੈ। ਉਨ੍ਹਾਂ ਕਿਹਾ ਪੰਜਾਬ ਅੰਦਰ ਘੱਟ ਬਰਸਾਤਾਂ ਕਾਰਨ ਵੀ ਜ਼ਮੀਨ ਦਾ ਪਾਣੀ ਨੀਚੇ ਜਾ ਰਿਹਾ ਹੈ ਤੇ ਨਾਲ ਹੀ ਬਰਸਾਤਾਂ ਦੇ ਪਾਣੀ ਨੂੰ ਬਚਾਉਣ ਲਈ ਵੀ ਕਦਮ ਚੁੱਕੇ ਜਾਣ। ਪਾਣੀ ਨੂੰ ਬਚਾਉਣ ਲਈ ਬਲਾਕ ਪੱਧਰ ’ਤੇ ਮੀਟਿੰਗਾਂ ਕੀਤੀਆਂ ਜਾਣਗੀਆਂ। ਇਸ ਮੌਕੇ ਉੱਪਰ ਮਨਜੀਤ ਸਿੰਘ ਜਹਾਂਗੀਰ, ਦਰਸ਼ਨ ਸਿੰਘ ਕਿਲ੍ਹਾ ਹਕੀਮਾਂ, ਕਿਰਪਾਲ ਸਿੰਘ ਧੂਰੀ, ਜਸਪਾਲ ਸਿੰਘ ਪੇਧਨੀ ਕਲਾਂ ਹਾਜ਼ਰ ਸਨ। ਇਸ ਕੜੀ ਤਹਿਤ ਕਿਸਾਨ ਮੁਕਤੀ ਮੋਰਚਾ ਦੀ ਮੀਟਿੰਗ ਸੂਬਾ ਪ੍ਰਧਾਨ ਕਿਰਪਾਲ ਸਿੰਘ ਰਾਜੋਮਾਜਰਾ ਦੀ ਅਗਵਾਈ ਹੇਠ ਧੂਰੀ ਅੰਦਰ ਹੋਈ, ਜਿਸ ਵਿੱਚ ਧਰਤੀ ਤੇ ਹੇਠਲੇ ਪਾਣੀ ਨੂੰ ਬਚਾਉਣ ਲਈ ਰੂਪ ਰੇਖਾ ਤਿਆਰ ਕਰਦੇ ਹੋਏ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਅਪਣੇ ਖੇਤਾਂ ਦੇ ਆਲੇ ਦੁਆਲੇ ਵੱਧ ਬੂਟੇ ਲਾਉਣ। ਉਨ੍ਹਾਂ ਕਿਹਾ ਜਥੇਬੰਦੀ ਪਿੰਡ ਪਿੰਡ ਜਾ ਕੇ ਲੋਕਾਂ ਤੇ ਕਿਸਾਨਾਂ ਨੂੰ ਬੂਟੇ ਲਾਉਣ ਦੀ ਅਪੀਲ ਕਰਨ ਦੇ ਨਾਲ-ਨਾਲ ਪਾਣੀ ਨੂੰ ਬਚਾਉਣ ਲਈ ਪ੍ਰਚਾਰ ਕਰੇਗੀ।