ਰਮੇਸ਼ ਭਾਰਦਵਾਜ
ਲਹਿਰਾਗਾਗਾ , 17 ਜੁਲਾਈ
ਪਿੰਡ ਢੀਂਡਸਾ ਦੇ ਵਸਨੀਕ ਗੁਰਜਸਵਿੰਦਰ ਸਿੰਘ ਸੋਨੂੰ ਨੇ ਬਾਕਸਿੰਗ ’ਚ ਝੰਡੇ ਗੱਡ ਕੇ ਪਿੰਡ ਦਾ ਨਾਂ ਉੱਚਾ ਕੀਤਾ ਹੈ। ਆਸਟ੍ਰੇਲੀਆ ’ਚ ਹੋਏ ਲੌਕਡਾਊਨ ਲਾਈਟਸ ਅੱਪਜ਼ ਮੁੱਕੇਬਾਜ਼ੀ ਦੇ 81 ਕਿੱਲੋ ਭਾਰ ਵਰਗ ’ਚ ਦੁਨੀਆਂ ਦੇ ਟਾਪ 37ਵੇਂ ਬਾਕਸਰ ਟਾਮ ਵਾਂਗਸੋਮਨਕ ਨੂੰ ਚਿੱਤ ਕਰਕੇ ਆਸਟਰੇਲੀਆ ਦੀ ਧਰਤੀ ’ਤੇ ਜਿੱਤ ਹਾਸਲ ਕੀਤੀ। ਬਾਕਸਰ ਗੁਰਜਸਵਿੰਦਰ ਸਿੰਘ ਸੋਨੂੰ ਨੇ ਦੱਸਿਆ ਕਿ ਉਸ ਨੇ 13 ਸਾਲ ਦੀ ਉਮਰ ’ਚ 1999 ’ਚ ਪਹਿਲੀ ਵਾਰ ਜ਼ਿਲ੍ਹਾ ਪੱਧਰੀ ਸਬ ਜੂਨੀਅਰ ਬਾਕਸਿੰਗ ਮੁਕਾਬਲਿਆਂ ’ਚ ਭਾਗ ਲਿਆ ਸੀ। ਉਸਨੇ ਦੋ ਵਾਰ ਆਲ ਇੰਡੀਆ ਇੰਟਰਵਰਸਿਟੀ ਮੁਕਾਬਲਿਆਂ ’ਚ ਭਾਗ ਲੈ ਕੇ ਪੁਜ਼ੀਸ਼ਨਾਂ ਹਾਸਿਲ ਕੀਤੀਆਂ। 2004 ਵਿੱਚ ਉਸਨੇ ਭਾਰਤ ਦੀ ਪ੍ਰਤੀਨਿਧਤਾ ਕਰਦਿਆਂ ਜਰਮਨੀ ’ਚ ਮੁੱਕੇਬਾਜ਼ੀ ਚੈਂਪੀਅਨਸ਼ਿਪ ’ਚ ਭਾਗ ਲਿਆ। 2009 ’ਚ ਪੰਜਾਬ ਪੁਲੀਸ ਨੇ ਉਸਨੂੰ ਖੇਡ ਕੋਟੇ ’ਚ ਸਿਪਾਹੀ ਭਰਤੀ ਕਰ ਲਿਆ ਜਿਸ ਮਗਰੋਂ ਆਲ ਇੰਡੀਆ ਪੁਲੀਸ ਗੇਮਜ਼ ’ਚ ਜਿੱਤਾਂ ਹਾਸਲ ਕੀਤੀਆਂ। 2012 ’ਚ ਉਹ ਆਸਟਰੇਲੀਆ ਚਲਾ ਗਿਆ ਤੇ ਨਵੰਬਰ 2019 ’ਚ ਉਸਨੇ ਫੋਰਟੀਟਿਊਡ ਬਾਕਸਿੰਗ ਜਿੰਮ ਬ੍ਰਿਸਬੇਨ ਜੁਆਇਨ ਕੀਤੀ ਜਿਸ ਨੂੰ ਆਸਟਰੇਲੀਆ ਨੂੰ ਅਨੇਕਾਂ ਸੁਪਰਸਟਾਰ ਖਿਡਾਰੀ ਦੇਣ ਵਾਲੇ ਕੋਚ ਸਟੀਫ ਡਾਲਰ ਚਲਾ ਰਹੇ ਹਨ। ਇਸ ਸਮੇਂ ਉਸ ਦਾ ਭਾਰ 116 ਕਿਲੋ ਸੀ ਤੇ ਜਿਸ ਨੂੰ ਸਖਤ ਮਿਹਨਤ ਨਾਲ 35 ਕਿੱਲੋ ਘਟਾ ਕੇ 81 ਕਿੱਲੋ ਤੇ ਲਿਆਂਦਾ। ਸੋਨੂ ਨੇ ਦੱਸਿਆ ਕਿ ਬੀਤੇ ਦਿਨੀਂ ਆਸਟਰੇਲੀਆ ’ਚ ਹੋਏ ਮੁੱਕੇਬਾਜ਼ੀ ਮੁਕਾਬਲਿਆਂ ’ਚ ਉਨ੍ਹਾਂ ਟਾਮ ਵਾਂਗਸੋਮਨਕ ਨੂੰ ਹਰਾਇਆ ਹੈ ਜੋ ਆਪਣੇ ਭਾਰ ਵਰਗ ’ਚ ਵਿਸ਼ਵ ਦੇ ਟਾਪ ਬਾਕਸਰਾਂ ’ਚੋਂ 37ਵੇਂ ਸਥਾਨ ’ਤੇ ਸੀ।