ਗੁਰਦੀਪ ਸਿੰਘ ਲਾਲੀ
ਸੰਗਰੂਰ, 24 ਦਸੰਬਰ
ਭਾਕਿਯੂ (ਏਕਤਾ ਉਗਰਾਹਾਂ) ਵਲੋਂ ਪੰਜ ਦਿਨਾਂ ਤੋਂ ਇਥੇ ਡੀ.ਸੀ. ਦਫ਼ਤਰ ਅੱਗੇ ਚੱਲ ਰਹੇ ਰੋਸ ਧਰਨੇ ਨੂੰ 30 ਦਸੰਬਰ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ। ਸੂਬਾਈ ਆਗੂਆਂ ਨੇ ਰੋਸ ਧਰਨੇ ਦੌਰਾਨ ਐਲਾਨ ਕੀਤਾ ਕਿ ਲੰਘੇ ਕੱਲ੍ਹ ਮੀਟਿੰਗ ਦੌਰਾਨ ਪੰਜਾਬ ਸਰਕਾਰ ਵਲੋਂ ਮੰਨੀਆਂ ਮੰਗਾਂ ਨੂੰ ਇੱਕ ਹਫ਼ਤੇ ਵਿਚ ਲਾਗੂ ਕਰਨ ਦਾ ਵਾਅਦਾ ਕੀਤਾ ਗਿਆ ਹੈ ਜਿਸ ਕਰਕੇ ਜਥੇਬੰਦੀ ਦੇ ਝੰਡੇ ਹੇਠ ਹਜ਼ਾਰਾਂ ਕਿਸਾਨ ਡੀ.ਸੀ. ਦਫ਼ਤਰ ਅੱਗੇ 30 ਦਸੰਬਰ ਤੱਕ ਡਟੇ ਰਹਿਣਗੇ। ਅੱਜ ਪੰਜਵੇਂ ਦਿਨ ਵੀ ਰੋਸ ਧਰਨੇ ’ਚ ਕਿਸਾਨਾਂ ਅਤੇ ਕਿਸਾਨ ਬੀਬੀਆਂ ਦਾ ਜੋਸ਼ ਬਰਕਰਾਰ ਸੀ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਅਤੇ ਸੂਬਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇੱਕ ਹਫ਼ਤੇ ਦੇ ਅੰਦਰ ਮੰਗਾਂ ਨੂੰ ਲਾਗੂ ਕਰਨ ਦਾ ਵਾਅਦਾ ਕੀਤਾ ਹੈ ਤੇ ਜਥੇਬੰਦੀ ਦੀ ਸੂਬਾ ਕਮੇਟੀ ਵਲੋਂ ਮੰਨੀਆਂ ਮੰਗਾਂ ਲਾਗੂ ਕਰਾਉਣ ਤੱਕ ਰੋਸ ਧਰਨੇ 30 ਦਸੰਬਰ ਤੱਕ ਜਾਰੀ ਰੱਖਣ ਦਾ ਫੈਸਲਾ ਲਿਆ ਗਿਆ ਹੈ। ਇਸ ਮੌਕੇ ਕਿਸਾਨ ਆਗੂ ਕਿਰਪਾਲ ਸਿੰਘ ਧੂਰੀ, ਅਜੈਬ ਸਿੰਘ ਜਖੇਪਲ, ਬਲਵੀਰ ਸਿੰਘ ਕੌਹਰੀਆਂ, ਜਸਵੰਤ ਸਿੰਘ ਤੋਲਾਵਾਲ, ਹਰਪਾਲ ਸਿੰਘ ਪੇਧਨੀ, ਗੋਬਿੰਦਰ ਸਿੰਘ ਮੰਗਵਾਲ, ਰਾਮ ਸਿੰਘ ਢੀਂਡਸਾ, ਸੁਖਪਾਲ ਸਿੰਘ ਮਾਣਕ, ਦਰਸ਼ਨ ਸਿੰਘ ਸ਼ਾਦੀਹਰੀ ਨੇ ਵੀ ਸੰਬੋਧਨ ਕੀਤਾ।