ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 16 ਜੁਲਾਈ
ਇੱਥੋਂ ਦੇ ਨੇੜਲੇ ਪਿੰਡ ਸੰਤੋਖਪੁਰਾ, ਹਰਕਿਸ਼ਨਪੁਰਾ ਤੇ ਖੇੜੀ ਚੰਦਵਾਂ ਦੀਆਂ ਜ਼ਮੀਨਾਂ ਨੂੰ ਐਕੁਆਇਰ ਕਰਕੇ ਬਣਾਏ ਜਾ ਰਹੇ ਦਿੱਲੀ-ਕੱਟੜਾ ਨੈਸ਼ਨਲ ਹਾਈਵੇਅ ਲਈ ਕਿਸਾਨਾਂ ਤੋਂ ਸਸਤੇ ਭਾਅ ’ਤੇ ਜ਼ਮੀਨਾਂ ਜਬਰੀ ਗ੍ਰਹਿਣ ਕਰਨ ਦੀ ਕਾਰਵਾਈ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਪੀੜਤ ਕਿਸਾਨਾਂ ਵੱਲੋਂ ਨੈਸ਼ਨਲ ਹਾਈਵੇਅ ਅਥਾਰਟੀ ਵਿਰੁੱਧ ਪਿੰਡ ਖੇੜੀ ਚੰਦਵਾਂ ਦੀ ਹੱਦ ’ਤੇ ਪੱਕਾ ਧਰਨਾ ਸ਼ੁਰੂ ਕਰ ਦਿੱਤਾ ਗਿਆ।
ਇਸ ਮੌਕੇ ਐਡਵੋਕੇਟ ਹਰਵਿੰਦਰ ਸਿੰਘ ਦੁੱਲਟ, ਧਰਮਿੰਦਰ ਸਿੰਘ ਸਾਬਕਾ ਸਰਪੰਚ ਸੰਤੋਖਪੁਰਾ ਤੇ ਪ੍ਰਿਤਪਾਲ ਸਿੰਘ ਜਲਾਣ ਇਕਾਈ ਪ੍ਰਧਾਨ ਨੇ ਦੱਸਿਆ ਕਿ ਦਿੱਲੀ-ਕੱਟੜਾ ਸੜਕ ਅਥਾਰਟੀ ਤੇ ਪ੍ਰਸ਼ਾਸਨ ਪਹਿਲਾਂ ਕਿਸਾਨਾਂ ਤੋਂ 20 ਲੱਖ ਰੁਪਏ ਪ੍ਰਤੀ ਏਕੜ ਜ਼ਮੀਨ ਐਕੁਆਇਰ ਕਰ ਰਿਹਾ ਸੀ, ਜਿਸ ਖ਼ਿਲਾਫ਼ ਕਿਸਾਨਾਂ ਨੇ ਲੰਬਾ ਸੰਘਰਸ਼ ਕਰਕੇ 74 ਲੱਖ ਰੁਪਏ ਪ੍ਰਤੀ ਏਕੜ ਦੀ ਮੰਗ ਮੰਨਵਾ ਲਈ ਸੀ, ਪਰ ਸੰਤੋਖਪੁਰਾ, ਹਰਕਿਸ਼ਨਪੁਰਾ ਅਤੇ ਖੇੜੀ ਚੰਦਵਾਂ ਪਿੰਡਾਂ ਦੀ ਜ਼ਮੀਨ ਪੁਰਾਣੇ ਰੇਟ ’ਤੇ ਹੀ ਪ੍ਰਸ਼ਾਸਨ ਤੇ ਅਥਾਰਟੀ ਐਕੁਆਇਰ ਕਰ ਰਹੇ ਹਨ ਅਤੇ ਜ਼ਮੀਨਾਂ ਉਤੇ ਜਬਰੀ ਕਬਜ਼ਾ ਕਰ ਰਹੇ ਹਨ। ਉੁਨ੍ਹਾਂ ਕਿਹਾ ਕਿ ਪ੍ਰਸ਼ਾਸਨ ਤੇ ਅਥਾਰਟੀ ਵੱਲੋਂ ਇਨ੍ਹਾਂ ਪਿੰਡਾਂ ਨਾਲ ਬੇਇਨਸਾਫੀ ਕੀਤੀ ਜਾ ਰਹੀ ਹੈ, ਜੋ ਬਰਦਾਸ਼ਤ ਨਹੀ ਕੀਤੀ ਜਾਵੇਗੀ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ ਸਮੇਤ ਬਲਾਕ ਕਮੇਟੀ ਨੇ ਐਲਾਨ ਕੀਤਾ ਕਿ ਯੂਨੀਅਨ ਪ੍ਰਸ਼ਾਸਨ ਨੂੰ ਜਬਰਦਸਤੀ ਜ਼ਮੀਨ ਐਕੁਆਇਰ ਕਰਨ ਨਹੀਂ ਦੇਣਗੇ ਅਤੇ ਅੱਜ ਤੋਂ ਬਾਅਦ ਕਿਸੇ ਅਧਿਕਾਰੀ ਨੂੰ ਜ਼ਮੀਨ ਵਿੱਚ ਦਾਖਲ ਨਹੀਂ ਹੋਣ ਦੇਣਗੇ।