ਪੱਤਰ ਪ੍ਰੇਰਕ
ਸ਼ੇਰਪੁਰ, 12 ਜੂਨ
ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਵਿੱਚ ਡਿਵੀਜ਼ਨ ਧੂਰੀ ਅਧੀਨ ਪੈਂਦੇ ਦਫ਼ਤਰਾਂ ਦੇ ਪ੍ਰਮੁੱਖ ਅਧਿਕਾਰੀਆਂ ਤੇ ਟੈਕਨੀਕਲ ਸਟਾਫ਼ ਦੀਆਂ ਚੋਣ ਡਿਊਟੀਆਂ ਲਗਾ ਦੇਣ ਨਾਲ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਦਿੱਤੀ ਜਾਣ ਵਾਲੀ 8 ਘੰਟੇ ਬਿਜਲੀ ਸਪਲਾਈ ’ਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ। ਡਿਵੀਜ਼ਨ ਅੰਦਰ ਚਲਦੀਆਂ ਤਕਰੀਬਨ 170 ਲਾਈਨਾਂ ਵਿੱਚੋਂ ਅੱਜ ਪਹਿਲੇ ਦਿਨ ਹਾਲੇ ਇੱਕ ਲਾਈਨ ਸਲੇਮਪੁਰ ਫੀਡਰ ’ਚ ਹੀ ਸਵੇਰੇ ਪੰਜ ਵਜੇ ਨੁਕਸ ਪਿਆ ਹੈ ਜਿਸ ਮਗਰੋਂ ਤਿੰਨ ਦਿਨਾਂ ਤੋਂ ਬਿਜਲੀ ਸਪਲਾਈ ਉਡੀਕਦੇ ਕਿਸਾਨਾਂ ਨੇ ਸੁੱਕ ਰਹੀ ਪੌਦ ਦਾ ਹਵਾਲਾ ਦਿੰਦਿਆਂ 66 ਕੇਵੀ ਗਰਿੱਡ ਰੰਗੀਆਂ ਅੱਗੇ ਧਰਨਾ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ।
ਬੀਕੇਯੂ ਏਕਤਾ ਉਗਰਾਹਾਂ ਦੇ ਕਰਮਜੀਤ ਸਿੰਘ ਧੀਰਾ ਨੇ ਦੱਸਿਆ ਕਿ ਸਲੇਮਪੁਰ ਫੀਡਰ ਤੋਂ ਅਲਾਲ ਅਤੇ ਸਲੇਮਪੁਰ ਦੀਆਂ ਸੈਂਕੜੇ ਮੋਟਰਾਂ ਨੂੰ ਸਪਲਾਈ ਮਿਲਦੀ ਹੈ ਪਰ ਸਵੇਰੇ ਸਮੇਂ ਹੀ ਇਸ ਫੀਡਰ ’ਚ ਨੁਕਸ ਪੈ ਗਿਆ। ਰੰਗੀਆਂ ਦਫ਼ਤਰ ਨੂੰ ਨੁਕਸ ਠੀਕ ਕਰਨ ਲਈ ਕਿਹਾ ਪਰ ਪਤਾ ਲੱਗਿਆ ਕਿ ਚੋਣ ਡਿਊਟੀ ’ਤੇ ਗਏ ਮੁਲਾਜ਼ਮਾਂ ਕਰਕੇ ਦਫ਼ਤਰ ਸਟਾਫ਼ ਖੁਣੋਂ ਖਾਲੀ ਪਿਆ ਹੈ। ਗਰਿੱਡ ਅਧੀਨ ਪੈਂਦੇ 18 ਪਿੰਡਾਂ ਲਈ ਟੈਕਨੀਕਲ ਸਟਾਫ਼ ’ਚ ਸਿਰਫ਼ ਇੱਕੋ ਜੇਈ ਜਗਜੀਤ ਸਿੰਘ ਹੈ ਅਤੇ ਉਸ ਨੇ ਮੁਲਾਜ਼ਮਾਂ ਦੀ ਘਾਟ ਦਾ ਹਵਾਲਾ ਦਿੰਦਿਆਂ ਤੁਰੰਤ ਨੁਕਸਦਾਰ ਫੀਡਰ ਠੀਕ ਕਰਨ ਤੋਂ ਅਸਮਰੱਥਾ ਪ੍ਰਗਟਾਈ। ਇਸ ਮਗਰੋਂ ਚੋਣਵੇਂ ਕਿਸਾਨ ਧਰਨੇ ’ਤੇ ਬੈਠ ਗਏ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਉਧਰ ਪਾਵਰਕੌਮ ਦਫ਼ਤਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਡਿਵੀਜ਼ਨ ਦੇ ਵੱਖ-ਵੱਖ ਦਫ਼ਤਰਾਂ ਵਿੱਚ ਲਾਈਨਮੈਨ ਦੀਆਂ 149 ਅਸਾਮੀਆਂ ਹਨ ਜਿਸ ਵਿੱਚੋਂ 109 ਖਾਲੀ ਹਨ ਅਤੇ ਬਾਕੀ ਬਚੀਆਂ 40 ਅਸਾਮੀਆਂ ਵਿੱਚੋਂ 22 ਲਾਈਨਮੈਨ ਚੋਣ ਡਿਊਟੀ ’ਤੇ ਚਲੇ ਗਏ ਹਨ। ਇਸੇ ਤਰ੍ਹਾਂ ਅਸਿਸਟੈਂਟ ਲਾਈਨਮੈਨਾਂ ਦੀਆਂ ਮਨਜ਼ੂਰਸ਼ੁਦਾ ਕੁੱਲ ਅਸਾਮੀਆਂ 257 ਹਨ ਜਿਨ੍ਹਾਂ ਵਿੱਚੋਂ 77 ਖਾਲੀ ਹਨ ਅਤੇ ਭਰੀਆਂ ਹੋਈਆਂ ਕੁੱਲ 180 ਅਸਾਮੀਆਂ ਵਿੱਚੋਂ 104 ਏਐੱਲਐੱਮ ਚੋਣ ਡਿਊਟੀ ਚਲੇ ਗਏ ਹਨ।
ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਅਤੇ ਲੋਕ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਅਲਾਲ ਨੇ ਕਿਹਾ ਕਿ ਝੋਨੇ ਦੇ ਸੀਜ਼ਨ ਦੇ ਮੱਦੇਨਜ਼ਰ ਜੇਕਰ ਕਿਸਾਨਾਂ ਨੂੰ ਪੂਰੀ ਬਿਜਲੀ ਸਪਲਾਈ ਮਿਲਣ ਵਿੱਚ ਸਮੱਸਿਆ ਆਈ ਤਾਂ ਪਾਵਰਕੌਮ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਐਕਸੀਅਨ ਧੂਰੀ ਮਨੋਜ ਕੁਮਾਰ ਨੇ ਦੱਸਿਆ ਕਿ ਉਹ ਖੁਦ ਚੋਣ ਡਿਊਟੀ ’ਤੇ ਹਨ ਉਂਜ ਉਨ੍ਹਾਂ ਐੱਸਡੀਐੱਮ ਧੂਰੀ ਅਤੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਪੱਤਰ ਲਿਖ ਕੇ ਇਸ ਸਮੱਸਿਆ ਤੋਂ ਜਾਣੂ ਕਰਵਾ ਦਿੱਤਾ ਹੈ।