ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 3 ਅਗਸਤ
ਦਿੜ੍ਹਬਾ ਹਲਕੇ ਦੇ ਪਿੰਡ ਛਾਜਲੀ ਵਿੱਚ ਪਿੰਡ ਵਿਚਲੀ ਸੜਕ ਦੀ ਮਾੜੀ ਹਾਲਤ ਕਾਰਨ ਪਿੰਡ ਦੇ ਲੋਕ ਸਮੱਸਿਆਵਾਂ ਨਾਲ ਜੂਝ ਰਹੇ ਹਨ, ਜਿਸ ਕਰਕੇ ਪਿੰਡ ਦੇ ਲੋਕਾਂ ਵੱਲੋਂ ਇਸ ਸੜਕ ਨੂੰ ਜਲਦੀ ਪੱਕੀ ਕਰਵਾਉਣ ਨੂੰ ਲੈ ਕੇ ਦਿੱਤਾ ਜਾ ਰਿਹਾ ਧਰਨਾ ਅੱਜ ਚੌਥੇ ਦਿਨ ਵਿੱਚ ਪੁੱਜ ਗਿਆ। ਇਸ ਧਰਨੇ ਵਿੱਚ ਪੰਜ ਵਿਦਿਆਰਥੀ ਅਤੇ ਹੋਰ ਕੁਝ ਲੋਕ ਵੀ ਭੁੱਖ ਹੜਤਾਲ ’ਤੇ ਬੈਠੇ।
ਪਿੰਡ ਵਾਸੀ ਇਸ ਗੱਲ ਨੂੰ ਲੈ ਕੇ ਬਜ਼ਿੱਦ ਹਨ ਕਿ ਜਿੰਨਾ ਚਿਰ ਪੰਜਾਬ ਸਰਕਾਰ ਅਤੇ ਸੜਕ ਮਹਿਕਮੇ ਦੇ ਅਧਿਕਾਰੀ ਪਿੰਡ ਦੇ ਲੋਕਾਂ ਦੀ ਇਸ ਵੱਡੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਸੜਕ ਬਣਾਉਣ ਦੀ ਕਾਰਵਾਈ ਲਿਖ ਕੇ ਨਹੀਂ ਦਿੰਦੇ, ਓਨਾ ਚਿਰ ਉਹ ਧਰਨੇ ’ਤੇ ਬੈਠੇ ਰਹਿਣਗੇ। ਇਸ ਧਰਨੇ ਨੂੰ ਕਿਸਾਨ-ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਸੰਤ ਰਾਮ ਸਿੰਘ, ਕਾਮਰੇਡ ਗੋਬਿੰਦ ਸਿੰਘ ਛਾਜਲੀ, ਜਸਬੀਰ ਸਿੰਘ ਲਾਡੀ, ਕੁਲਦੀਪ ਸ਼ਰਮਾ, ਹਰਿੰਦਰ ਸਿੰਘ ਅਤੇ ਹੋਰ ਵੱਖ-ਵੱਖ ਆਗੂਆਂ ਤੋਂ ਇਲਾਵਾ ਪਿੰਡ ਵਾਸੀਆਂ ਨੇ ਸੰਬੋਧਨ ਕੀਤਾ।