ਹਰਦੀਪ ਸਿੰਘ ਸੋਢੀ
ਧੂਰੀ, 5 ਸਤੰਬਰ
ਪਿੰਡ ਖੇੜੀ ਜੱਟਾਂ ਵਿੱਚ ਚੱਲ ਰਹੇ ਇੱਕ ਆਸ਼ਰਮ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਕੁੱਝ ਕੁ ਵਿਅਕਤੀਆਂ ਵੱਲੋਂ ਕੱਕੜਵਲ ਚੌਕ ਵਿੱਚ ਧਰਨਾ ਲਾ ਕੇ ਆਵਾਜਾਈ ਠੱਪ ਕਰ ਦਿੱਤੀ ਗਈ। ਧਰਨੇ ਕਾਰਨ ਜਿੱਥੇ ਪੁਲੀਸ ਵੱਲੋਂ ਆਵਾਜਾਈ ਦੇ ਬਦਲਵੇਂ ਪ੍ਰਬੰਧ ਕੀਤੇ ਜਾਣ ਕਾਰਨ ਸ਼ਹਿਰ ਦੇ ਮੁੱਖ ਫਾਟਕ ਤੋਂ ਲੈ ਕੇ ਕੱਕੜਵਾਲ ਪੁਲ ਤੱਕ ਜਾਮ ਲੱਗਿਆ ਰਿਹਾ, ਉੱਥੇ ਹੀ ਧਰਨੇ ਕਾਰਨ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪਿਆ ਅਤੇ ਕਈ ਲੋਕ ਧਰਨਾਕਾਰੀਆਂ ਨਾਲ ਬਹਿਸ ਕਰਦੇ ਨਜ਼ਰ ਆਏ।
ਧਰਨੇ ਦੌਰਾਨ ਬਾਬਾ ਗੁਰਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਪਿੰਡ ਖੇੜੀ ਜੱਟਾਂ ਦੇ ਗੁਰਪ੍ਰੀਤ ਸਿੰਘ ਨਾਲ ਅਗਸਤ 2021 ਵਿੱਚ ਪਿੰਡ ਦੇ ਹੀ ਚਾਰ ਵਿਅਕਤੀਆਂ ਵੱਲੋਂ ਕੁੱਟਮਾਰ ਕਰਦੇ ਹੋਏ ਜਾਤੀਸੂਚਕ ਸ਼ਬਦ ਬੋਲਦਿਆਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸੀ। ਇਸ ਤੋਂ ਬਾਅਦ ਐੱਸਸੀ ਕਮਿਸ਼ਨ ਦੀ ਦਖਲਅੰਦਾਜ਼ੀ ਤੋਂ ਬਾਅਦ ਉਕਤ ਵਿਅਕਤੀਆਂ ਖਿਲਾਫ਼ ਐੱਸਸੀ/ਐੱਸਟੀ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ, ਪਰ ਇਸ ਤੋਂ ਬਾਅਦ ਉਕਤ ਵਿਅਕਤੀਆਂ ਵੱਲੋਂ ਮੂੰਹ ਬੰਨ੍ਹ ਕੇ ਇੱਕ ਵੀਡੀਓ ਬਣਾਈ ਗਈ, ਜਿਸ ਵਿੱਚ ਉਨ੍ਹਾਂ ਵੱਲੋਂ ਆਪਣੇ ਕੋਲ ਪਿਸਤੌਲ ਰੱਖ ਕੇ ਐੱਸਸੀ ਕਮਿਸ਼ਨ ਮੈਂਬਰ ਅਤੇ ਪੀੜਤ ਜਸਪ੍ਰੀਤ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ ਅਤੇ ਪੈਨ ਡਰਾਈਵ ਰਾਹੀਂ ਇਹ ਵੀਡੀਓ ਐੱਸਸੀ ਕਮਿਸ਼ਨ ਮੈਂਬਰ ਨੂੰ ਭੇਜੀ ਗਈ, ਪਰ ਇਸ ਦੇ ਬਾਵਜੂਦ ਉਕਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹਾਈ ਕੋਰਟ ਵੱਲੋਂ ਉਕਤ ਮੁਲਜ਼ਮਾਂ ਦੀ ਜ਼ਮਾਨਤ ਅਰਜ਼ੀ ਰੱਦ ਕੀਤੀ ਜਾ ਚੁੱਕੀ ਹੈ ਪਰ ਇਸ ਦੇ ਬਾਵਜੂਦ ਨਾ ਹੀ ਉਕਤ ਮੁਲਜ਼ਮਾਂ ਵੱਲੋਂ ਪੁਲੀਸ ਕੋਲ ਆਤਮ-ਸਮਰਪਣ ਕੀਤਾ ਗਿਆ ਹੈ ਅਤੇ ਨਾ ਹੀ ਪੁਲੀਸ ਵੱਲੋਂ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਦੇ ਰੋਸ ਵਜੋਂ ਇਹ ਧਰਨਾ ਲਾਇਆ ਗਿਆ ਹੈ। ਉਨਾਂ ਕਿਹਾ ਕਿ ਜਦੋਂ ਤੱਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਧਰਨਾ ਜਾਰੀ ਰਹੇਗਾ। ਧਰਨੇ ਦੌਰਾਨ ਪੁੱਜੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪੁਲੀਸ ਵੱਲੋਂ ਐਂਬੂਲੈਂਸਾਂ ਤੇ ਸਕੂਲੀ ਬੱਸਾਂ ਸਮੇਤ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਦੇਖਦਿਆਂ ਪ੍ਰਦਰਸ਼ਨਕਾਰੀਆਂ ਨੂੰ ਵਾਰ-ਵਾਰ ਅਪੀਲ ਕੀਤੀ ਗਈ ਕਿ ਮੁਲਜ਼ਮਾਂ ਨੂੰ ਜਲਦ ਫੜ ਲਿਆ ਜਾਵੇਗਾ, ਪਰ ਇਸ ਦੇ ਬਾਵਜੂਦ ਧਰਨਾਕਾਰੀ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਜ਼ਿੱਦ ’ਤੇ ਅੜੇ ਰਹੇ ਜਿਸ ਤੋਂ ਬਾਅਦ ਧਰਨਾਕਾਰੀਆਂ ਦੀ ਵਾਹਨ ਚਾਲਕਾਂ ਨਾਲ ਝੜੱਪ ਹੋਣ ਦੇ ਡਰੋਂ ਪੁਲੀਸ ਵੱਲੋਂ ਹਲਕੇ ਬਲ ਦੀ ਵਰਤੋਂ ਕਰਦਿਆਂ ਧਰਨਾਕਾਰੀਆਂ ਨੂੰ ਹਿਰਾਸਤ ਵਿੱਚ ਲੈ ਕੇ ਆਵਾਜਾਈ ਬਹਾਲ ਕਰਵਾਈ ਗਈ। ਇਸ ਤੋਂ ਬਾਅਦ ਉੱਥੇ ਮੌਜੂਦ ਕੁੱਝ ਲੋਕਾਂ ਵੱਲੋਂ ਪੰਜਾਬ ਪੁਲੀਸ ਦੇ ਹੱਕ ਵਿੱਚ ਨਾਅਰੇਬਾਜ਼ੀ ਵੀ ਕੀਤੀ ਗਈ।