ਕਰਮਬੀਰ ਸਿੰਘ ਸੈਣੀ
ਮੂੂਨਕ, 16 ਜੁਲਾਈ
ਬਾਬਾ ਮੋਨੀ ਗਿਰ ਦੀ ਕਥਿਤ ਤੌਰ ’ਤੇ ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ’ਤੇ ਪੁਲੀਸ ਵੱਲੋਂ ਬਾਬੇ ਨੂੰ ਹਿਰਾਸਤ ਵਿੱਚ ਲੈਣ ਤੋਂ ਗੁੱਸੇ ’ਚ ਆਏ ਸਮਥਰਕਾਂ ਨੇ ਅੱਜ ਡੀ.ਐੱਸ.ਪੀ. ਦਫਤਰ ਅੱਗੇ ਧਰਨਾ ਲਾਇਆ। ਧਰਨੇ ਕਾਰਨ ਕਰੀਬ ਇਕ ਘੰਟੇ ਤੱਕ ਮੂਨਕ-ਜਾਖਲ ਰੋਡ ਬੰਦ ਰਿਹਾ। ਇਸ ਮੌਕੇ ਸਰਪੰਚ ਮੁਖਤਿਆਰ ਸਿੰਘ, ਦੇਸ ਰਾਜ ਸੂਦ, ਬਲਕਾਰ ਸਿੰਘ, ਸੁਰਿੰਦਰ ਕੁਮਾਰ, ਸੁਭਾਸ਼ ਚੰਦ ਤੇ ਕੈਪਟਨ ਮੱਘਰ ਸਿੰਘ ਨੇ ਕਿਹਾ ਕਿ ਕੱਲ੍ਹ ਦੁਪਹਿਰ ਇੱਕ ਵਜੇ ਦੇ ਕਰੀਬ ਕੁਝ ਵਿਅਕਤੀਆਂ ਦੇ ਕਹਿਣ ’ਤੇ ਪੁਲੀਸ ਬਾਬੇ ਨੂੰ ਥਾਣੇ ਲੈ ਆਈ। ਉਨ੍ਹਾਂ ਦਾ ਕਹਿਣਾ ਹੈ ਕਿ ਬਾਬੇ ਬਾਰੇ ਜੋ ਵੀਡੀਓ ਵਾਇਰਲ ਹੋਈ ਹੈ, ਉਹ ਸਰਾਸਰ ਝੂਠੀ ਹੈ। ਉਨ੍ਹਾਂ ਕਿਹਾ ਕਿ ਕੁਝ ਵਿਅਕਤੀ ਵੀਡੀਓ ਬਣਾ ਕੇ ਬਾਬੇ ਨੂੰ ਬਦਨਾਮ ਕਰਨਾ ਚਾਹੁੰਦੇ ਹਨ। ਬਾਬਾ ਮੋਨੀ ਗਿਰ ਬਿਲਕੁੱਲ ਨਿਰਦੋਸ਼ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਝੂਠੀ ਸ਼ਿਕਾਇਤ ਦਰਜ ਕਰ ਕੇ ਬਾਬਾ ਮੋਨੀ ਗਿਰ ਨੂੰ ਬਦਨਾਮ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਡੀ.ਐੱਸ.ਪੀ. ਮੂਨਕ ਮਨੋਜ ਗੋਰਸੀ ਨੇ ਉਨ੍ਹਾਂ ਕੋਲ ਪਿੰਡ ਬੰਗਾਂ ਤੋਂ ਕੁਝ ਵਿਅਕਤੀਆਂ ਵੱਲੋਂ ਪਿੰਡ ਦੇ ਡੇਰੇ ਵਿੱਚ ਮੌਜੂਦ ਸੰਤ ਖ਼ਿਲਾਫ਼ ਇੱਕ ਵੀਡੀਓ ਦੇ ਆਧਾਰ ’ਤੇ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ਸਬੰਧੀ ਥਾਣਾ ਮੂਨਕ ਵਿੱਚ ਦੋਵਾਂ ਧਿਰਾਂ ਨੂੰ ਬੁਲਾਇਆ ਗਿਆ ਅਤੇ ਦੋਵਾਂ ਦੇ ਪੱਖਾਂ ਨੂੰ ਸੁਣ ਕੇ ਤੱਥਾਂ ਤੇ ਵੀਡੀਓ ਸਬੰਧੀ ਜਾਂਚ ਕੀਤੀ ਜਾਂ ਰਹੀ ਹੈ ਅਤੇ ਜੋ ਵੀ ਵਿਅਕਤੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।