ਰਮੇਸ਼ ਭਾਰਦਵਾਜ
ਲਹਿਰਾਗਾਗਾ,13 ਅਪਰੈਲ
ਅੱਜ ਇੱਥੇ ਸੀਪੀਆਈ (ਐੱਮਐੱਲ) ਲਬਿਰੇਸ਼ਨ ਦੇ ਸੂਬਾ ਕਮੇਟੀ ਮੈਂਬਰ ਅਤੇ ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਗੋਬਿੰਦ ਸਿੰਘ ਛਾਜਲੀ ਦੀ ਅਗਵਾਈ ਹੇਠ ਸਟੇਟ ਬੈਂਕ ਆਫ ਇੰਡੀਆ ਛਾਜਲੀ ਦੀ ਬ੍ਰਾਂਚ ਅੱਗੇ ਰੋਸ ਧਰਨਾ ਦਿੰਦੇ ਹੋਏ ਬੈਂਕ ਮੈਨੇਜਰ ਦੀ ਮਾੜੀ ਕਾਰਗੁਜ਼ਾਰੀ ਕਾਰਨ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਗੋਬਿੰਦ ਛਾਜਲੀ ਨੇ ਕਿਹਾ ਕਿ ਜੋ ਸਟੇਟ ਬੈਂਕ ਆਫ ਇੰਡੀਆ ਦਾ ਬੈਂਕ ਮੈਨੇਜਰ ਦਾ ਵਤੀਰਾ ਗਰੀਬ ਲੋਕਾਂ ਪ੍ਰਤੀ ਕਥਿਤ ਮਾੜਾ ਹੈ। ਬੁਲਾਰਿਆਂ ਨੇ ਕਿਹਾ ਕਿ ਜਥੇਬੰਦੀਆਂ ਵੱਲੋਂ ਬੈਂਕਾਂ ਵੱਲੋਂ ਆਮ ਲੋਕਾਂ ਦੇ ਘਰਾਂ, ਦੁਕਾਨਾਂ ਤੇ ਫੈਕਟਰੀਆਂ ਨੂੰ ਕੁਰਕ ਨਹੀਂ ਹੋਣ ਦਿੱਤਾ ਜਾਵੇਗਾ ਜੇ ਬੈਂਕ ਮੁਲਾਜ਼ਮਾਂ ਵੱਲੋਂ ਧੱਕੇਸ਼ਾਹੀ ਕੀਤੀ ਜਾਂਦੀ ਹੈ ਤਾਂ ਇਨ੍ਹਾਂ ਖਿਲਾਫ ਮੋਰਚਾ ਖੋਲ੍ਹ ਦਿੱਤਾ ਜਾਵੇਗਾ। ਇਸ ਮੌਕੇ ਅਮਰੀਕ ਸਿੰਘ ਪੁੱਤਰ ਰਾਮ ਦਿਆਲ ਸਿੰਘ ਸੰਗਤੀਵਾਲਾ ਨੇ ਬੈਂਕ ਅਧਿਕਾਰੀਆਂ ’ਤੇ ਧੋਖਾਧੜੀ ਦੇ ਦੋਸ਼ ਲਾਏ। ਇਸ ਮੌਕੇ ਕਿਸਾਨ ਆਗੂ ਲਾਭ ਸਿੰਘ ਸੰਗਤੀਵਾਲਾ, ਨਿੱਕਾ ਸਿੰਘ ਬਹਾਦਰਪੁਰ, ਮਹਿੰਦਰ ਸਿੰਘ ਛਾਜਲੀ, ਚਰਨਾ ਸਿੰਘ, ਨਾਥ ਸਿੰਘ ਇਕਾਈ ਪ੍ਰਧਾਨ ਛਾਜਲੀ, ਸੰਘਾ ਸਿੰਘ ਹਾਜ਼ਰ ਸਨ। ਉਧਰ ਬੈਂਕ ਅਧਿਕਾਰੀ ਸੁਮੀਤ ਧੀਮਾਨ ਨੇ ਕਿਹਾ ਕਿ ਬੈਂਕ ਵੱਲੋਂ ਕਿਸੇ ਖਪਤਕਾਰ ਨਾਲ ਦੁਰਵਿਵਾਹਾਰ ਜਾਂ ਘਪਲਾ ਨਹੀਂ ਕੀਤਾ ਜਾਂਦਾ। ਇਸ ਲਈ ਮਜ਼ਦੂਰ ਜਥੇਬੰਦੀਆਂ ਦੇ ਦੋਸ਼ ਨਿਰਆਧਾਰ ਹਨ।