ਜਗਤਾਰ ਸਿੰਘ ਨਹਿਲ
ਲੌਂਗੋਵਾਲ, 11 ਅਕਤੂਬਰ
ਲੌਂਗੋਵਾਲ ਨਗਰ ਵਾਸੀਆਂ ਵੱਲੋਂ ਸਲਾਇਟ ਨਾਲ ਸਬੰਧਤ ਮੰਗਾਂ ਦੇ ਹੱਕ ’ਚ ਕਿਰਤੀ ਕਿਸਾਨ ਯੂਨੀਅਨ, ਭਾਕਿਯੂ ਏਕਤਾ ਉਗਰਾਹਾਂ ਅਤੇ ਭਾਕਿਯੂ ਡਕੌਂਦਾ ਦੀ ਅਗਵਾਈ ਹੇਠ ਜੈਦ ਪੱਤੀ ਲੌਂਗੋਵਾਲ ਵਿੱਚ ਰੋਸ ਮਾਰਚ ਕੱਢਿਆ ਗਿਆ ਤੇ ਸਲਾਇਟ ਲੌਂਗੋਵਾਲ ਦੇ ਮੁੱਖ ਗੇਟ ’ਤੇ ਧਰਨਾ ਦਿੱਤਾ ਗਿਆ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਸੁਰਿੰਦਰ ਸਿੰਘ ਲੌਂਗੋਵਾਲ, ਰਾਜਾ ਸਿੰਘ ਜੈਦ ਅਤੇ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਸਲਾਇਟ ਸੰਸਥਾ ਦੀ ਸਥਾਪਨਾ ਮੌਕੇ ਲੌਂਗੋਵਾਲ ਦੇ ਲੋਕਾਂ ਦੀਆਂ ਕੀਮਤੀ ਜ਼ਮੀਨਾਂ ਐਕੁਆਇਰ ਹੋਈਆਂ ਸਨ, ਪਰ ਸਲਾਇਟ ਪ੍ਰਬੰਧਨ ਨੇ ਮੁੱਢ ਤੋਂ ਲੈ ਕੇ ਹੁਣ ਤੱਕ ਸਥਾਨਕ ਵਾਸੀਆਂ ਅਤੇ ਜ਼ਮੀਨਦਾਤਿਆਂ ਦੀ ਲਈ ਕੋਈ ਰਾਖਵਾਂ ਨੀਤੀ ਨਹੀਂ ਬਣਾਈ ਸਗੋਂ ਲੋਕਲ ਨਿਵਾਸੀਆਂ ਨੂੰ ਕੱਢ ਕੇ ਬਾਹਰਲੇ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਸਲਾਇਟ ਡਾਇਰੈਕਟਰ ਪ੍ਰੋ. ਸ਼ੈਲੇਂਦਰ ਜੈਨ ਨੇ ਕਿਸਾਨਾਂ ਦੇ ਵਫ਼ਦ ਨੂੰ ਬੁਲਾ ਕੇ ਉਨ੍ਹਾਂ ਦੀਆਂ ਮੰਗਾਂ ਨੂੰ ਗੌਰ ਨਾਲ ਸੁਣ ਕੇ ਜਲਦ ਹੀ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਐਕਸ਼ਨ ਕਮੇਟੀ ਵਿੱਚ ਸ਼ਾਮਲ ਆਗੂਆਂ ਸੁਰਿੰਦਰ ਸਿੰਘ, ਭੋਲਾ ਸਿੰਘ ਅਤੇ ਅਮਰ ਸਿੰਘ ਨੇ ਦੱਸਿਆ ਕਿ ਮੈਨੇਜਮੈਂਟ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਲੌਂਗੋਵਾਲ ਦੇ ਨੌਜਵਾਨਾਂ ਨੂੰ ਪਹਿਲ ਦੇ ਆਧਾਰ ’ਤੇ ਕੰਮ ਦਿੱਤਾ ਜਾਵੇਗਾ। ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਆਗੂ ਮੰਗਤ ਰਾਮ ਲੌਂਗੋਵਾਲ, ਯੂਥ ਵਿੰਗ ਦੇ ਕਨਵੀਨਰ ਭੁਪਿੰਦਰ ਲੌਂਗੋਵਾਲ, ਦਰਸ਼ਨ ਸਿੰਘ ਕੁੰਨਰਾਂ, ਸੁਖਦੇਵ ਸਿੰਘ ਉੱਭਾਵਾਲ, ਗੁਰਜੰਟ ਸਿੰਘ, ਜਗਦੀਪ ਸਿੰਘ ਮੈਂਬਰ, ਜਥੇਦਾਰ ਸੁਖਦੇਵ ਸਿੰਘ, ਬਹਾਦਰ ਸਿੰਘ ਅਤੇ ਕਰਨੈਲ ਸਿੰਘ ਨੇ ਸੰਬੋਧਨ ਕੀਤਾ।