ਹਰਦੀਪ ਸਿੰਘ ਸੋਢੀ
ਧੂਰੀ, 14 ਮਈ
ਪਿੰਡ ਹੇੜੀਕੇ ਦੀ ਰਿਜ਼ਰਵ ਕੋਟੇ ਦੀ ਪੰਚਾਇਤੀ ਜ਼ਮੀਨ ਕਾਰਨ ਪੈਦਾ ਹੋਏ ਵਿਵਾਦ ਤੋਂ ਬਾਅਦ ਲੰਘੇ ਦਿਨ ਤੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਡੀਐੱਸਪੀ ਧੂਰੀ ਦਫਤਰ ਅੱਗੇ ਸ਼ੁਰੂ ਕੀਤਾ ਗਿਆ ਧਰਨਾ ਅੱਜ ਦੂਸਰੇ ਦਿਨ ਵੀ ਜਾਰੀ ਰਿਹਾ। ਧਰਨੇ ਦੌਰਾਨ ਵੱਖ-ਵੱਖ ਆਗੂਆਂ ਨੇ ਦੋਸ਼ ਲਗਾਇਆ ਕਿ ਪਿੰਡ ਹੇੜੀਕੇ ਦੀ ਪੰਚਾਇਤ ਵੱਲੋਂ ਜਾਣਬੁੱਝ ਕੇ ਪੰਚਾਇਤੀ ਜ਼ਮੀਨ ਦੀ ਬੋਲੀ ਰੁਕਵਾਈ ਜਾ ਰਹੀ ਹੈ। ਇਸ ਧਰਨੇ ਦੌਰਾਨ ਐੱਸਪੀ (ਡੀ) ਪਲਵਿੰਦਰ ਸਿੰਘ ਚੀਮਾ ਵੱਲੋਂ ਨਿਰਪੱਖ ਤਰੀਕੇ ਨਾਲ ਬੋਲੀ ਕਰਵਾਉਣ ਅਤੇ ਦਰਜ ਕੀਤੇ ਮੁਕੱਦਮੇ ਸਬੰਧੀ ਪੜਤਾਲ ਕਰਵਾਉਣ ’ਤੇ ਹਰ ਹਾਲਾਤ ਵਿਚ ਇਨਸਾਫ ਦਿਵਾਉਣ ਦਾ ਭਰੋਸਾ ਮਿਲਣ ਬਾਅਦ ਪ੍ਰਦਰਸ਼ਨਕਾਰੀਆਂ ਨੇ ਧਰਨਾ ਸਮਾਪਤ ਕਰ ਦਿੱਤਾ। ਧਰਨੇ ਦੌਰਾਨ ਪਰਮਜੀਤ ਕੌਰ ਲੌਂਗੋਵਾਲ, ਜਸਵੰਤ ਸਿੰਘ ਖੇੜੀ, ਸਿੰਦਰ ਹੇੜੀਕੇ, ਸ਼ਿੰਗਾਰਾ ਹੇੜੀਕੇ ਸਮੇਤ ਵੱਖ-ਵੱਖ ਪਿੰਡਾਂ ਦੇ ਆਗੂ ਹਾਜ਼ਰ ਸਨ।