ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 19 ਅਪਰੈਲ
ਸੀ.ਆਈ.ਟੀ.ਯੂ. ਅਤੇ ਸੀ.ਟੀ.ਯੂ. ਪੰਜਾਬ ਦੀਆਂ ਦੋਵੇਂ ਜਥੇਬੰਦੀਆਂ ਦੀ ਅਗਵਾਈ ਹੇਠ ਸੈਂਕੜੇ ਭੱਠਾ ਮਜ਼ਦੂਰਾਂ ਵੱਲੋਂ ਸ਼ਹਿਰ ਵਿੱਚ ਰੋਸ ਮਾਰਚ ਕਰਦਿਆਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ਅਤੇ ਭੱਠਾ ਮਾਲਕਾਂ ਦੇ ਅੜੀਅਲ ਵਤੀਰੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਧਰਨੇ ਉਪਰੰਤ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ ਜਿਸ ਵਿੱਚ ਭੱਠਾ ਮਜ਼ਦੂਰਾਂ ਦੀਆਂ ਮੰਗਾਂ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ ਗਈ।
ਅੱਜ ਸੈਂਕੜੇ ਭੱਠਾ ਮਜ਼ਦੂਰ ਸਥਾਨਕ ਬੀ.ਐਸ.ਐਨ.ਐਲ ਪਾਰਕ ਵਿਚ ਇਕੱਠੇ ਹੋਏ ਜਿਥੇ ਰੋਸ ਰੈਲੀ ਕੀਤੀ ਗਈ। ਇਸ ਉਪਰੰਤ ਦੋਵੇਂ ਜਥੇਬੰਦੀਆਂ ਦੇ ਭੱਠਾ ਮਜ਼ਦੂਰਾਂ ਵਲੋਂ ਸੀ.ਟੀ.ਯੂ. ਪੰਜਾਬ ਦੇ ਪ੍ਰਧਾਨ ਕਾਮਰੇਡ ਦੇਵ ਰਾਜ ਵਰਮਾ ਦੀ ਅਗਵਾਈ ਹੇਠ ਰੋਸ ਮਾਰਚ ਕੀਤਾ ਗਿਆ ਅਤੇ ਡੀ.ਸੀ. ਦਫ਼ਤਰ ਅੱਗੇ ਪੁੱਜ ਕੇ ਰੋਸ ਧਰਨਾ ਦਿੱਤਾ ਗਿਆ।
ਇਸ ਮੌਕੇ ਕਾਮਰੇਡ ਦੇਵ ਰਾਜ ਵਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੋਵੇਂ ਜਥੇਬੰਦੀਆਂ ਵੱਲੋਂ ਪਿਛਲੀ ਦਿਨੀਂ ਕਿਰਤ ਵਿਭਾਗ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਅਤੇ ਮੀਟਿੰਗ ਬੇਸਿੱਟਾ ਰਹੀ ਸੀ। ਉਨ੍ਹਾਂ ਕਿਹਾ ਕਿ ਭੱਠਾ ਮਜ਼ਦੂਰਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਭੱਠਾ ਮਜ਼ਦੂਰਾਂ ’ਚ ਸਰਕਾਰ, ਪ੍ਰਸ਼ਾਸ਼ਨ ਤੇ ਭੱਠਾ ਮਾਲਕਾਂ ਵਿਰੁੱਧ ਰੋਸ ਹੈ। ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਦਿਆਂ ਆਗੂਆਂ ਨੇ ਮੰਗ ਕੀਤੀ ਕਿ ਭੱਠਾ ਮਜ਼ਦੂਰਾਂ ਦੀਆਂ ਮੰਗਾਂ ਨੂੰ ਬਿਨ੍ਹਾਂ ਕਿਸੇ ਦੇਰੀ ਤੋਂ ਲਾਗੂ ਕੀਤਾ ਜਾਵੇ। ਜੇਕਰ ਭੱਠਾ ਮਜ਼ਦੂਰਾਂ ਦੀਆਂ ਮੰਗਾਂ ਦਾ ਹੱਲ ਨਾ ਹੋਇਆ ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਮੱਖਣ ਸਿੰਘ ਜਖੇਪਲ, ਸੀਟੂ ਦੇ ਸੂਬਾਈ ਆਗੂ ਸੁਖਦਰਸ਼ਨ ਸਿੰਘ ਫਤਹਿਗੜ੍ਹ ਸਾਹਿਬ, ਸਰਬਜੀਤ ਸਿੰਘ ਵੜੈਚ ਜ਼ਿਲ੍ਹਾ ਪ੍ਰਧਾਨ ਸੀਟੀਯੂ, ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਸੀਟੂ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਵਰਿੰਦਰ ਕੌਸ਼ਿਕ, ਸੀਟੂ ਦੇ ਸੂਬਾ ਆਗੂ ਕਾਮਰੇਡ ਸ਼ੇਰ ਸਿੰਘ ਫਰਵਾਹੀ, ਰਘਵੀਰ ਸਿੰਘ ਨੱਥੋਹੇੜੀ, ਮਿਡ ਡੇਅ ਮੀਲ ਵਰਕਰਜ਼ ਯੂਨੀਅਨ ਸੀਟੀਯੂ ਪੰਜਾਬ ਦੀ ਪ੍ਰਧਾਨ ਜਸਮੇਲ ਕੌਰ ਬੀਰਕਲਾਂ, ਸ਼ਿੰਗਾਰਾ ਸਿੰਘ ਬਲਿਆਲ, ਨਿਰਮਲ ਕੌਰ ਸੁਨਾਮ, ਮਾਨ ਸਿੰਘ ਗੁਰਮ, ਪ੍ਰੀਤਮ ਸਿੰਘ ਸਹਿਜੜਾ, ਸਤਵੀਰ ਸਿੰਘ ਤੁੰਗਾਂ ਆਦਿ ਸ਼ਾਮਲ ਸਨ।