ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 8 ਅਗਸਤ
ਸ਼ਹਿਰ ਦੇ ਕਲੋਨਾਈਜ਼ਰਾਂ ਅਤੇ ਪ੍ਰਾਪਰਟੀ ਡੀਲਰਾਂ ਨੇ ਪੰਜਾਬ ਕਲੋਨਾਈਜ਼ਰ ਅਤੇ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਰਜਿਸਟਰੀ ਲਈ ਥੋਪੀਆਂ ਬੇਲੋੜੀਆਂ ਸ਼ਰਤਾਂ ਖ਼ਿਲਾਫ਼ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਆਗੂਆਂ ਸ਼ਿਵ ਰਾਜ, ਹਰਿੰਦਰ ਸਿੰਘ ਗਰੇਵਾਲ, ਸੰਦੀਪ ਨੀਟੂ, ਰਾਜ ਕੁਮਾਰ ਅਤੇ ਰਾਜਨ ਗੋਇਲ ਨੇ ਦੋਸ਼ ਲਾਇਆ ਕਿ ‘ਆਪ’ ਸਰਕਾਰ ਦੇ ਅਫ਼ਸਰਾਂ ਵਲੋਂ ਪੰਜਾਬ ਦੇ ਪ੍ਰਾਪਰਟੀ ਦੇ ਵਪਾਰ ਨੂੰ ਬਰਬਾਦ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਬੁਲਾਰਿਆਂ ਨੇ ਮੰਗ ਕੀਤੀ ਕਿ ਪ੍ਰਾਪਰਟੀ ਕਾਰੋਬਾਰੀਆਂ ’ਤੇ ਕੇਸ ਦਰਜ ਕਰਨੇ ਰੋਕੇ ਜਾਣ, 10 ਫੀਸਦੀ ਤੋਂ ਵੱਧ ਵਧਾਏ ਕੁਲੈਕਟਰ ਰੇਟ ਵਾਪਸ ਲਏ ਜਾਣ।
ਰਾਜਪੁਰਾ (ਪੱਤਰ ਪ੍ਰੇਰਕ): ਇੱਥੇ ਪੰਜਾਬ ਕਲੋਨਾਈਜ਼ਰ ਅਤੇ ਪ੍ਰਾਪਰਟੀ ਡੀਲਰਜ਼ ਐਸੋਸੀਏਸ਼ਨ ਰਾਜਪੁਰਾ ਅਤੇ ਘਨੌਰ ਦੇ ਸੱਦੇ ’ਤੇ ਪ੍ਰਾਪਰਟੀ ਡੀਲਰ ਆਗੂਆਂ ਰਮੇਸ਼ ਕੁਮਾਰ, ਬਲਕਾਰ ਸਿੰਘ, ਅਮਰਜੀਤ ਸਿੰਘ ਰਾਜਪੁਰਾ ਅਤੇ ਅਰੁਣ ਕੁਮਾਰ ਦੀ ਅਗਵਾਈ ਵਿੱਚ ਰਾਜਪੁਰਾ ਦੇ ਮਿਨੀ ਸੱਕਤਰੇਤ ਅਤੇ ਘਨੌਰ ਦੇ ਸਬ-ਤਹਿਸੀਲ ਦਫਤਰ ਅੱਗੇ ਡੀਲਰਾਂ ਨੇ ਧਰਨਾ ਦਿੱਤਾ।