ਗੁਰਦੀਪ ਸਿੰਘ ਲਾਲੀ
ਸੰਗਰੂਰ, 29 ਸਤੰਬਰ
ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਦੀ ਅਗਵਾਈ ਹੇਠ ਜਲ ਸਪਲਾਈ ਵਰਕਰਾਂ ਵੱਲੋਂ ਅੱਜ ਇੱਥੇ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ਅਤੇ ਵਿਭਾਗੀ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਧਰਨਾਕਾਰੀ ਵਿਭਾਗੀ ਅਧਿਕਾਰੀਆਂ ਵੱਲੋਂ ਤਨਖਾਹਾਂ ’ਚ ਇਕਸਾਰਤਾ ਲਿਆਉਣ ਵਾਲੀ ਵਰਕਰ ਵਿਰੋਧੀ ਪੇਸ਼ ਕੀਤੀ ਰਿਪੋਰਟ ਰੱਦ ਕਰਨ ਦੀ ਮੰਗ ਕਰ ਰਹੇ ਸਨ।
ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾਈ ਪ੍ਰਧਾਨ ਵਰਿੰਦਰ ਮੋਮੀ, ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਅਤੇ ਜਨਰਲ ਸਕੱਤਰ ਮਦਨ ਸਿੰਘ ਨੇ ਕਿਹਾ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿੱਚ ਵਰਕਰਾਂ ਨੂੰ ਆਊਟਸੋਰਸ ਵਰਕਰ ਦੇ ਰੂਪ ਵਿੱਚ ਭਰਤੀ ਕੀਤਾ ਗਿਆ ਸੀ। ਵਰਕਰ ਰੁਜ਼ਗਾਰ ਰੈਗੂਲਰ ਕਰਾਉਣ ਦੀ ਮੰਗ ਕਰ ਰਹੇ ਹਨ ਪਰ ਵਿਭਾਗੀ ਅਧਿਕਾਰੀਆਂ ਵੱਲੋਂ ਧੱਕੇ ਨਾਲ ਇਨਲਿਸਟਡ ਠੇਕੇਦਾਰ ਬਣਾ ਰੈਗੂਲਰ ਕਰਨ ਦੀ ‘ਮੰਗ’ ਦੇ ਉਲਟ ਫੈਸਲਾ ਲਿਆ ਗਿਆ ਹੈ। ਪਿਛਲੇ ਸਮੇਂ ਦੌਰਾਨ ਲੇਬਰ ਐਕਟ ਅਧੀਨ ਤਨਖਾਹ, ਰੈਸਟਾਂ ਅਤੇ ਵਾਧੂ ਕੰਮ ਕਰਵਾਉਣ ਪ੍ਰਤੀ ਭੱਤਿਆ ਦੇ ਰੂਪ ’ਚ ਤਨਖਾਹ ਮਿਲ ਰਹੀ ਹੈ ਜੋ 0-5 ਸਾਲ, 5-10 ਸਾਲ ਅਤੇ 10 ਸਾਲ ਤੋਂ ਵੱਧ ਸਮੇਂ ਦੇ ਵਰਕਰਾਂ ਨੂੰ 3 ਕੈਟਾਗਰੀਆਂ ਵਿੱਚ ਵੰਡ ਕੇ ਤਨਖਾਹ ਮਿਲਦੀ ਹੈ ਪਰ ਵਰਕਰਾਂ ਦੀ ਸਰਵਿਸ ਨੂੰ ਰੱਦ ਕਰਕੇ ਪੱਕੇ ਠੇਕੇਦਾਰ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ।
ਬੁਲਾਰਿਆਂ ਮੰਗ ਕੀਤੀ ਕਿ ਵਰਕਰ ਵਿਰੋਧੀ ਰਿਪੋਰਟ ਰੱਦ ਕੀਤੀ ਜਾਵੇ, ਇਨਲਿਸਟਮੈਂਟ/ਆਊਟਸੋਰਸ ਵਰਕਰਾਂ ਨੂੰ ਵਿਭਾਗ ’ਚ ਰਲਾ ਕੇ ਪੱਕੇ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ, ਵਰਕਰਾਂ ਨੂੰ ਤਿੰਨ ਕੈਟਾਗਰੀਆਂ ’ਚ ਵੰਡ ਕੇ ਮਿਲ ਰਹੀਆਂ ਤਨਖਾਹਾਂ ਜਾਰੀ ਰੱਖੀਆਂ ਜਾਣ, ਤਜਰਬੇ ਦੇ ਆਧਾਰ ’ਤੇ ਤਨਖਾਹ ਨਿਯਮ ਲਾਗੂ ਕੀਤੇ ਜਾਣ, ਵਾਧੂ ਕੰਮ ਕਰਵਾਉਣ ਦੇ ਬਦਲੇ ਭੱਤੇ ਦਿੱਤੇ ਜਾਣ, ਵਰਕਰਾਂ ਦੀਆਂ ਰੁਕੀਆਂ ਤਨਖਾਹਾਂ ਜਾਰੀ ਕੀਤੀਆਂ ਜਾਣ ਅਤੇ ਆਊਟਸੋਰਸ ਵਰਕਰਾਂ ਦੀ ਤਨਖਾਹ ’ਚ ਵਾਧਾ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਜੇਕਰ 16 ਸਤੰਬਰ ਨੂੰ ਤਿਆਰ ਕੀਤੀ ਵਰਕਰ ਵਿਰੋਧੀ ਰਿਪੋਰਟ ਨੂੰ ਲਾਗੂ ਕਰਨ ਦਾ ਯਤਨ ਕੀਤਾ ਗਿਆ ਤਾਂ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ।