ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 7 ਦਸੰਬਰ
ਜਲ ਸਪਲਾਈ ਤਾਲਮੇਲ ਸਾਂਝਾ ਫਰੰਟ ਦੀ ਅਗਵਾਈ ਹੇਠ ਜਲ ਸਪਲਾਈ ਵਿਭਾਗ ਦੇ ਕੱਚੇ ਮੁਲਾਜ਼ਮਾਂ ਨੇ ਸਥਾਨਕ ਨਾਮਧਾਰੀ ਸ਼ਹੀਦੀ ਸਮਾਰਕ ਨੇੜੇ ਇਕੱਤਰ ਹੋਣ ਮਗਰੋਂ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਅਤੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੂੰ ਕਾਲੀਆਂ ਝੰਡੀਆਂ ਦਿਖਾਈਆਂ।
ਇਸ ਮੌਕੇ ਫਰੰਟ ਦੇ ਕਨਵੀਨਰ ਸੰਦੀਪ ਕੁਮਾਰ ਸ਼ਰਮਾ, ਸੁਖਜੀਤ ਸਿੰਘ ਅਤੇ ਦਲਵੀਰ ਸਿੰਘ ਨੇ ਕਿਹਾ ਕਿ ਲੰਮੇ ਸਮੇਂ ਤੋਂ ਵਿਭਾਗ ਵਿੱਚ ਇਨਲਿਸਟਮੈਂਟ, ਆਊਟਸੋਰਸ ਅਤੇ ਗ੍ਰਾਮ ਪੰਚਾਇਤ ਸੈਨੀਟੇਸ਼ਨ ਕਮੇਟੀਆਂ ਰਾਹੀਂ ਕੰਮ ਕਰਦੇ ਕਾਮਿਆਂ ਦੀਆਂ ਮੰਗਾਂ ਹੱਲ ਕਰਨ ਦੀ ਥਾਂ ਪਜਾਬ ਸਰਕਾਰ ਅਤੇ ਕੈਬਨਿਟ ਮੰਤਰੀ ਮੰਤਰੀ ਰਜ਼ੀਆ ਸੁਲਤਾਨਾ ਵੱਲੋਂ ਲਾਰਿਆਂ ਨਾਲ ਸਾਰਿਆ ਜਾ ਰਿਹਾ ਹੈ। ਧਰਨਾਕਾਰੀਆਂ ਵੱਲੋਂ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੂੰ ਉਸ ਸਮੇਂ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ ਜਦੋਂ ਕੈਬਨਿਟ ਮੰਤਰੀ ਸੁਲਤਾਨਾ ਇਥੋਂ ਦੇ ਇੱਕ ਸਕੂਲ ਦੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਪੁੱਜੇ ਹੋਏ ਸਨ। ਪ੍ਰਸ਼ਾਸਨ ਨੇ ਫਰੰਟ ਦੇ ਪੈਨਲ ਨਾਲ ਮੰਤਰੀ ਦੀ ਮੀਟਿੰਗ ਕਰਵਾਈ ਗਈ ਅਤੇ ਮੰਤਰੀ ਵੱਲੋਂ 10 ਦਸੰਬਰ ਨੂੰ ਚੰਡੀਗੜ੍ਹ ਵਿੱਚ ਮੰਗਾਂ ਨੂੰ ਹੱਲ ਕਰਨ ਦਾ ਸਮਾਂ ਦਿੱਤਾ ਗਿਆ ਹੈ।
ਇਸ ਮੌਕੇ ਦਵਿੰਦਰ ਸਿੰਘ ਨਾਭਾ, ਬੇਅੰਤ ਸਿੰਘ, ਹੰਸਾ ਸਿੰਘ ਬਰਨਾਲਾ, ਸੁਖਵਿੰਦਰ ਸਿੰਘ, ਸਤਨਾਮ ਸਿੰਘ, ਮੇਹਰ ਸਿੰਘ ਆਦਿ ਵੀ ਹਾਜ਼ਰ ਸਨ।