ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 1 ਜੂਨ
ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੀ ਜ਼ਿਲ੍ਹਾ ਇਕਾਈ ਵੱਲੋਂ ਇਥੇ ਡੀਈਓ ਐਲੀਮੈਂਟਰੀ ਦੇ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਨੇ ਦੋਸ਼ ਲਾਇਆ ਹੈ ਕਿ ਬਲਾਕ ਚੀਮਾ ਦੇ ਬੀਪੀਈਓ ਵਲੋਂ ਕਥਿਤ ਤੌਰ ‘ਤੇ ਕੀਤੀਆਂ ਜਾ ਰਹੀਆਂ ਅਧਿਆਪਕ ਵਿਰੋਧੀ ਕਾਰਵਾਈਆਂ ਅਤੇ ਕੁਝ ਬਲਾਕਾਂ ਦੇ ਬੀਪੀਈਓਜ਼ ਵਲੋਂ ਕਥਿਤ ਤੌਰ ‘ਤੇ ਸਕੂਲ ਮੈਨੇਜਮੈਂਟ ਕਮੇਟੀ ਦੀ ਬਜਾਏ ਆਪਣੇ ਪੱਧਰ ‘ਤੇ ਸਕੂਲੀ ਬੱਚਿਆਂ ਦੀਆਂ ਵਰਦੀਆਂ ਖਰੀਦਣ ਦੇ ਮਾਮਲੇ ‘ਤੇ ਡੀ.ਈ.ਓ ਵਲੋਂ ਕੋਈ ਕਾਰਵਾਈ ਨਾ ਕਰਨ ‘ਤੇ ਅਧਿਆਪਕ ਵਰਗ ਵਿਚ ਰੋਸ ਹੈ। ਡੀਈਓ ਵੱਲੋਂ ਧਰਨੇ ਵਿੱਚ ਆ ਕੇ ਭਰੋਸਾ ਦਵਾਇਆ ਗਿਆ ਕਿ ਬੀਪੀਈਓ ਚੀਮਾ ਨੂੰ ਸਬੰਧਤ ਮਾਮਲੇ ‘ਚ ਹਦਾਇਤ ਕੀਤੀ ਜਾਵੇਗੀ। ਬੀ.ਪੀ.ਈ.ਓ. ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਸਾਹੋਕੇ ਨੂੰ ਜਾਰੀ ਕੀਤਾ ਗਿਆ ਨੋਟਿਸ ਅਤੇ ਜਥੇਬੰਦੀ ਦੇ ਬਲਾਕ ਚੀਮਾ ਦੇ ਪ੍ਰਧਾਨ ਜਸਬੀਰ ਨਮੋਲ ਨੂੰ ਜਾਰੀ ਕੀਤੀ ਚਾਰਜਸ਼ੀਟ ਨੂੰ ਦਸ ਦਿਨਾਂ ਦੇ ਅੰਦਰ-ਅੰਦਰ ਰੱਦ ਕਰਨ ਦਾ ਵੀ ਭਰੋਸਾ ਦਿਵਾਇਆ।