ਹਰਦੀਪ ਸਿੰਘ ਸੋਢੀ
ਧੂਰੀ, 7 ਅਪਰੈਲ
ਅੱਜ ਗੰਨਾ ਸੰਘਰਸ਼ ਕਮੇਟੀ ਵੱਲੋਂ ਧੂਰੀ ਖੰਡ ਮਿੱਲ ਵੱਲ ਗੰਨਾ ਕਾਸ਼ਤਕਾਰਾਂ ਦੇ ਰਹਿੰਦੇ ਕਰੋੜਾਂ ਰੁਪਏ ਦੇ ਬਕਾਏ ਦੀ ਅਦਾਇਗੀ ਕਰਵਾਉਣ ਦੀ ਮੰਗ ਨੂੰ ਲੈ ਕੇ ਐੱਸ.ਡੀ.ਐੱਮ ਦਫਤਰ ਵਿਖੇ ਧਰਨਾ ਦਿੱਤਾ ਗਿਆ। ਇਸ ਮੌਕੇ ਸੰਘਰਸ਼ ਕਮੇਟੀ ਦੇ ਆਗੂ ਅਵਤਾਰ ਸਿੰਘ ਤਾਰੀ ਭੁੱਲਰਹੇੜੀ ਅਤੇ ਹਰਜੀਤ ਸਿੰਘ ਬੁਗਰਾ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੇ ਗੰਨੇ ਦੀ ਰਕਮ ਦੀ ਅਦਾਇਗੀ ਕਰਾਉਣ ਲਈ ਸੰਘਰਸ਼ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ ਅਤੇ ਧੂਰੀ ਖੰਡ ਮਿੱਲ ਦੇ ਪ੍ਰਬੰਧਕਾਂ ਵੱਲੋਂ ਗੰਨਾ ਕਾਸ਼ਤਕਾਰਾਂ ਦੇ ਰਹਿੰਦੇ 12 ਕਰੋੜ 80 ਲੱਖ ਰੁਪਏ ਦੀ ਅਦਾਇਗੀ ਕਰਨ ਦੀ ਬਜਾਏ ਵਾਰ-ਵਾਰ ਵਾਅਦੇ ਕਰਨ ਦੇ ਬਾਵਜੂਦ ਲਮਕਾਇਆ ਜਾ ਰਿਹਾ ਹੈ। ਇਸ ਮੌਕੇ ਕਿਸਾਨਾਂ ਦੇ ਜਿੱਥੇ ਨਾਇਬ ਤਹਿਸੀਲਦਾਰ ਪ੍ਰਮੋਦ ਚੰਦਰ ਨੂੰ ਕਾਫੀ ਸਮਾਂ ਧਰਨੇ ’ਚ ਬੈਠਣ ਲਈ ਮਜਬੂਰ ਕੀਤਾ ਉਥੇ ਗੱਲਬਾਤ ਕਰਨ ਲਈ ਆਏ ਖੰਡ ਮਿੱਲ ਦੇ ਜਨਰਲ ਮੈਨੇਜਰ ਜੈਪਾਲ ਠਾਕੁਰ ਤੇ ਹੋਰ ਮੁਲਾਜ਼ਮਾਂ ਨੂੰ ਧਰਨੇ ’ਚ ਬਿਠਾ ਕੇ ਰੱਖਿਆ।ਇਸ ਮੌਕੇ ਜਨਰਲ ਮੈਨੇਜਰ ਜੈਪਾਲ ਠਾਕੁਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਿੱਲ 14 ਅਪਰੈਲ ਤੋਂ ਪਹਿਲਾਂ 50 ਲੱਖ ਰੁਪਏ ਕਿਸਾਨਾਂ ਦੇ ਖਾਤਿਆਂ ’ਚ ਪਾਉਣ ਤੋਂ ਇਲਾਵਾ 14 ਅਪਰੈਲ ਤੋਂ ਬਾਅਦ ਲਗਾਤਾਰ ਅਦਾਇਗੀ ਕਿਸਾਨ ਖਾਤਿਆਂ ’ਚ ਪਾ ਕੇ ਅਪਰੈਲ ਦੇ ਆਖਰ ਤੱਕ ਪੁਰਾਣੀ ਅਦਾਇਗੀ ਨੂੰ ਮੁਕੰਮਲ ਕਰਨ ਲਈ ਵਚਨਬੱਧ ਹੈ।