ਸਰਬਜੀਤ ਸਿੰਘ ਭੰਗੂ
ਪਟਿਆਲਾ, 24 ਨਵੰਬਰ
ਆਪਣੀਆਂ ਮੰਗਾਂ ਦੀ ਪੂਰਤੀ ਲਈ ਸੂਬੇ ਦੇ ਹਜ਼ਾਰਾਂ ਬਿਜਲੀ ਮੁਲਾਜ਼ਮਾਂ ਵੱਲੋਂ ਮੈਨੇਜਮੈਂਟ ਖ਼ਿਲਾਫ਼ ਵਿੱਢਿਆ ਸੰਘਰਸ਼ ਜਾਰੀ ਹੈ। ਇਹ ਮੁਲਾਜ਼ਮ ਸਮੂਹਕ ਛੁੱਟੀ ਲੈ ਕੇ ਧਰਨੇ ਮੁਜ਼ਾਹਰੇ ਕਰ ਰਹੇ ਹਨ। ਇਸ ਤਹਿਤ ‘ਪੀਐਸਈਬੀ ਜੁਆਇੰਟ ਫੋਰਮ’ ਦੇ ਸੱਦੇ ’ਤੇ ਚੌਦਾਂ ਜਥੇਬੰਦੀਆਂ ਵੱਲੋਂ ਅੱਜ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਲਗਾਤਾਰ ਨੌਵੇਂ ਦਿਨ ਵੀ ਧਰਨਾ ਦਿੱਤਾ ਗਿਆ। ਚਾਰ ਜਥੇਬੰਦੀਆਂ ਦੀ ਪ੍ਰਤੀਨਿਧਤਾ ਕਰਦੇ ‘ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ’ ਵੱਲੋਂ ਤਾਂ ਮੁੱਖ ਦਫ਼ਤਰ ਅੱਗੇ ਦਿਨ ਰਾਤ ਦੇ ਧਰਨੇ ਦਿੱਤੇ ਜਾ ਰਹੇ ਹਨ।
ਜੁੁਆਇੰਟ ਫੋਰਮ ਦੇ ਧਰਨੇ ਨੂੰ ਸੂਬਾਈ ਆਗੂਆਂ ਕਰਮਚੰਦ ਭਾਰਦਵਾਜ, ਹਰਜਿੰਦਰ ਦੁਧਾਲਾ, ਨਛੱਤਰ ਸਿੰਘ, ਜਸਵੀਰ ਸਿੰਘ, ਗੁਰਪ੍ਰੀਤ ਸਿੰਘ, ਸੁਰਿੰਦਰਪਾਲ ਸਿੰਘ, ਸਰਬਜੀਤ ਸਿੰਘ, ਸੁਖਦੇਵ ਸਿੰਘ, ਅਮਰਜੀਤ ਸਰਕਾਰੀਆ, ਪ੍ਰਮੋਦ ਕੁਮਾਰ, ਸੰਜੀਵ ਕੁਮਾਰ, ਸਤਨਾਮ ਸਿੰਘ ਸਣੇ ਅਮਰਨਾਥ, ਧਨਵੰਤ ਭੱਠਲ, ਬਨਾਰਸੀ ਦਾਸ ਅਤੇ ਕੁਲਜੀਤ ਸਿੰਘ ਆਦਿ ਨੇ ਸੰਬੋਧਨ ਕੀਤਾ। ਆਗੂਆਂ ਕਿਹਾ ਕਿ ਪਾਵਰ ਮੈਨੇਜਮੈਂਟ ਮੰਨੀਆਂ ਮੰਗਾਂ ਲਾਗੂ ਕਰਨ ਤੋਂ ਪਿਛਾਂਹ ਹਟ ਰਹੀ ਹੈ। ਇਸ ਖ਼ਿਲਾਫ਼ ਦੋ ਦਸੰਬਰ ਨੂੰ ਮੋਰਿੰਡਾ ਵਿਚ ਪ੍ਰਦਰਸ਼ਨ ਕੀਤਾ ਜਾਵੇਗਾ।
ਬਿਜਲੀ ਮੁਲਾਜ਼ਮ ਏਕਤਾ ਮੰਚ ਵੱਲੋਂ ਮੁੱਖ ਦਫ਼ਤਰ ਵਿਚ ਅੱਜ ਲਗਾਤਾਰ ਤੀਜੇ ਦਿਨ ਵੀ ਸੂਬਾਈ ਕਨਵੀਨਰ ਹਰਭਜਨ ਪਿਲਖਣੀ ਦੀ ਅਗਵਾਈ ਹੇਠ ਦਿਨ-ਰਾਤ ਦਾ ਧਰਨਾ ਮਾਰਿਆ ਗਿਆ। ਮੰਚ ਦੇ ਸੂਬਾਈ ਬੁਲਾਰੇ ਮਨਜੀਤ ਚਾਹਲ ਨੇ ਦੱਸਿਆ ਕਿ ਉਨ੍ਹਾਂ ਦੀ ਸਮੂਹਿਕ ਛੁੱਟੀ 26 ਨਵੰਬਰ ਤੱਕ ਹੈ। ਜੇ ਮੰਗਾਂ ਨਾ ਮੰਨੀਆਂ ਗਈਆਂ, ਤਾਂ 26 ਨੂੰ ਅਗਲੇਰੀ ਰਣਨੀਤੀ ਤੈਅ ਕੀਤੀ ਜਾਵੇਗੀ।
ਜੇਈਜ਼ ਦੀ ਭੁੱਖ ਹੜਤਾਲ ਜਾਰੀ
ਪਾਵਰਕੌਮ ਦੀ ਜੇਈਜ਼ ਕੌਂਸਲ ਦੇ ਸੂਬਾਈ ਪ੍ਰਧਾਨ ਪਰਮਜੀਤ ਖਟੜਾ ਦੀ ਅਗਵਾਈ ਹੇਠਾਂ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਲੜੀਵਾਰ ਭੁੱਖ ਹੜਤਾਲ ਅੱਜ 8ਵੇਂ ਦਿਨ ਵੀ ਜਾਰੀ ਰੱਖੀ ਗਈ। ਕੌਂਸਲ ਦੇ ਜਨਰਲ ਸਕੱਤਰ ਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਹੁਸ਼ਿਆਰਪੁਰ ਸਰਕਲ ਯੂਨਿਟ ਦੇ 5 ਮੈਂਬਰ ਭੁੱਖ ਹੜਤਾਲ਼ ’ਤੇ ਬੈਠੇ।
ਪਾਤੜਾਂ (ਗੁਰਨਾਮ ਸਿੰਘ ਚੌਹਾਨ): ਪਾਵਰਕੌਮ ਮੁਲਾਜ਼ਮਾਂ ਵੱਲੋਂ ਸਮੂਹਿਕ ਛੁੱਟੀ ਦੌਰਾਨ ਪਾਤੜਾਂ ਮੰਡਲ ਦਫ਼ਤਰ ਸਾਹਮਣੇ ਧਰਨਾ ਦਿੱਤਾ ਗਿਆ। ਇਸ ਧਰਨੇ ਦੀ ਪ੍ਰਧਾਨਗੀ ਐਂਪਲਾਈਜ਼ ਫੈੱਡਰੇਸ਼ਨ ਦੇ ਪ੍ਰਧਾਨ ਰਘਬੀਰ ਸਿੰਘ ਘੱਗਾ, ਟੀਐਸਯੂ ਦੇ ਪ੍ਰਧਾਨ ਬਲਵੰਤ ਸ਼ਰਮਾ, ਐਮਐਸਯੂ ਦੇ ਪ੍ਰਧਾਨ ਹਰੀਸ਼ ਵਰਮਾ ਨੇ ਕੀਤੀ। ਇਸੇ ਦੌਰਾਨ ਇਕੱਤਰ ਹੋਏ ਮੁਲਾਜ਼ਮ ਜਥੇਬੰਦੀਆਂ ਦੇ ਵਰਕਰਾਂ ਨੇ ਸਰਕਾਰ ਅਤੇ ਪਾਵਰਕੌਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਸੱਤਪਾਲ ਸਿੰਘ, ਭਗਵਾਨ ਸ਼ਰਮਾ ਜੇਈ, ਇੰਜ. ਬਲਜਿੰਦਰ ਸਿੰਘ ਜੇਈ, ਇੰਜ. ਹਰੀ ਸਿੰਘ ਚਹਿਲ, ਇੰਜ. ਅਜੀਤ ਸਿੰਘ ਮੌਲਵੀਵਾਲਾ ਜੇਈ ਨੇ ਪਾਵਰਕੌਮ ਦੇ ਅੜੀਅਲ ਵਤੀਰੇ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਜਦੋਂ ਤੱਕ ਪਾਵਰਕੌਮ ਉਨ੍ਹਾਂ ਦੀਆਂ ਮੰਗਾਂ ਨੂੰ ਲਾਗੂ ਨਹੀਂ ਕਰੇਗਾ ਉਦੋਂ ਤਕ ਮੁਲਾਜ਼ਮਾਂ ਦਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਸਰਕਾਰ/ ਪਾਵਰਕੌਮ ਦੀ ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਮੁਲਾਜ਼ਮਾਂ ਦਾ ਸ਼ੋਸ਼ਣ ਬੰਦ ਨਾ ਕੀਤਾ ਤਾਂ ਸੰਘਰਸ਼ ਹੋਰ ਤਿੱਖਾ ਕਰਨ ਲਈ ਮੁਲਾਜ਼ਮ ਇਕਜੁੱਟ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਜਿੰਦਰ ਸਿੰਘ ਹਾਮਝੇੜੀ, ਇੰਜ. ਰੂਪ ਸਿੰਘ ਜੇਈ, ਦਰਸ਼ਨ ਸਿੰਘ ਕੁਲਰੀਆ, ਸੁਖਰਾਜ ਸਿੰਘ, ਗਿਆਨ ਚੰਦ, ਸ਼ੋਬਾ ਰਾਮ, ਗੁਰਨਾਮ ਸਿੰਘ ਖਨੌਰੀ, ਭਜਨ ਸਿੰਘ, ਵਰੁਣ ਕੁਮਾਰ ਆਦਿ ਹਾਜ਼ਰ ਸਨ।
ਸੰਘਰਸ਼ ਦੇ ਅਗਲੇ ਪ੍ਰੋਗਰਾਮਾਂ ਦਾ ਐਲਾਨ ਕੀਤਾ
ਲਹਿਰਾਗਾਗਾ (ਪੱਤਰ ਪ੍ਰੇਰਕ): ਜੁਆਇੰਟ ਫੋਰਮ ਪੰਜਾਬ ਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਮੈਂਬਰਾਂ ਵੱਲੋਂ ਸਾਂਝੇ ਤੌਰ ’ਤੇ ਸੰਘਰਸ਼ ਦੇ ਦਸਵੇਂ ਦਿਨ ਲਹਿਰਾਗਾਗਾ ਡਿਵੀਜ਼ਨ ਦੇ ਗੇਟ ’ਤੇ ਧਰਨਾ ਦਿੱਤਾ ਗਿਆ। ਇਸ ਮੌਕੇ ਪਾਵਰਕੌਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਜੰਗੀਰ ਸਿੰਘ ਕਟਾਰੀਆ ਪੰਜਾਬ ਆਗੂ, ਗੁਰਮੀਤ ਸਿੰਘ ਡਿਵੀਜ਼ਨ ਆਗੂ, ਬਲਵਿੰਦਰ ਪਾਲ ਕੌਸ਼ਿਕ, ਸੁਰਿੰਦਰ ਮੌਹਨ, ਹਰਭਜਨ ਸਿੰਘ ਹਰਿਆਊ, ਪ੍ਰਿੰਸ ਮੁੰਜਾਲ, ਬਲਵਿੰਦਰ ਸਿੰਘ ਖਾਈ, ਮਲਕੀਤ ਸਿੰਘ ਹਰਿਆਊ ਆਦਿ ਨੇ ਕਿਹਾ ਕਿ ਬਿਜਲੀ ਮੁਲਾਜ਼ਮ ਇਹ ਸੰਘਰਸ਼ 26 ਨਵੰਬਰ ਤੱਕ ਜਾਰੀ ਰੱਖਣਗੇ। 29 ਤੇ 30 ਨਵੰਬਰ ਨੂੰ ਪਾਵਰਕੌਮ/ਟ੍ਰਾਂਸਕੋ ਦੇ ਸੀਐਮਡੀ ਅਤੇ ਮੈਂਬਰਾਂ ਦਾ ਅਚਾਨਕ ਘਿਰਾਓ ਕਰ ਕੇ ਕਾਲੇ ਝੰਡਿਆਂ ਨਾਲ ਰੋਸ ਪ੍ਰਦਰਸ਼ਨ ਕੀਤੇ ਜਾਣਗੇ। 2 ਦਸੰਬਰ ਨੂੰ ਮੁੱਖ ਮੰਤਰੀ ਦੇ ਸ਼ਹਿਰ ਮੋਰਿੰਡਾ ਵਿਚ ਧਰਨਾ ਦਿੱਤਾ ਜਾਵੇਗਾ। ਬੁਲਾਰਿਆਂ ਨੇ ਕਿਹਾ ਕਿ ਪਾਵਰਕੌਮ ਮੈਨੇਜਮੈਂਟ ਨੇ ਮੁਲਾਜ਼ਮਾਂ ਦੇ ਪੇਅ ਸਕੇਲ ਦੋ ਧਿਰੀ ਗੱਲਬਾਤ ਰਾਹੀਂ ਸੋਧਣ ਦੀ ਬਜਾਇ ਆਪਣੇ ਤੌਰ ’ਤੇ ਪੇਅ ਰਿਵੀਜ਼ਨ ਦਾ ਨੋਟੀਫਿਕੇਸ਼ਨ ਜਾਰੀ ਕਰ ਕੇ ਮੁਲਾਜ਼ਮਾਂ ਨਾਲ ਧੋਖਾ ਕੀਤਾ ਹੈ ਅਤੇ ਮੰਨੀਆਂ ਮੰਗਾਂ ਲਾਗੂ ਕਰਨ ਤੋਂ ਇਨਕਾਰੀ ਹੈ।