ਗੁਰਦੀਪ ਸਿੰਘ ਲਾਲੀ
ਸੰਗਰੂਰ, 5 ਅਗਸਤ
ਸ਼ਹਿਰ ਦਾ ਵੱਡਾ ਮੁੱਦਾ ਬਣ ਚੁੱਕੀ ਲਾਵਾਰਿਸ ਪਸ਼ੂਆਂ ਦੀ ਸਮੱਸਿਆ ਖ਼ਿਲਾਫ਼ ਲੋਕ ਇੱਕਜੁੱਟ ਹੁੰਦੇ ਜਾ ਰਹੇ ਹਨ। ਇਸ ਸਮੱਸਿਆ ਤੋਂ ਸ਼ਹਿਰ ਵਾਸੀ ਬੇਹੱਦ ਪ੍ਰੇਸ਼ਾਨ ਹਨ। ਸਮਾਜ ਸੇਵੀ ਤੇ ਜਨਤਕ ਜਥੇਬੰਦੀਆਂ ਵਲੋਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਗਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।
ਅੱਜ ਸਮਾਜ ਸੇਵੀ ਸੰਸਥਾ ਨੋਬਲ ਹੈਲਪਿੰਗ ਫਾਊਂਡੇਸ਼ਨ ਵੱਲੋਂ ਸ਼ਹਿਰ ਦੇ ਵੱਡੇ ਚੌਕ ਵਿਚ ਰੋਸ ਧਰਨਾ ਦਿੱਤਾ ਗਿਆ। ਇਸ ਰੋਸ ਧਰਨੇ ਦੌਰਾਨ ਲਾਵਾਰਿਸ ਪਸ਼ੂਆਂ ਦੀ ਸਮੱਸਿਆ ਨੂੰ ਹੱਲ ਕਰਨ ਦੀ ਬਜਾਇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਚੁੱਪ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਲਾਏ ਧਰਨੇ ’ਤੇ ਸਤਿੰਦਰ ਸੈਣੀ, ਰਛਪਾਲ ਸਿੰਘ ਟੀਪੂ, ਓ.ਪੀ. ਗਰਗ, ਸੰਦੀਪ ਸੈਣੀ, ਰਾਜਿੰਦਰਪਾਲ ਭੱਲੂ, ਐਡਵੋਕੇਟ ਦਸਵੀਰ ਸਿੰਘ ਡੱਲੀ, ਪ੍ਰੋ. ਚਰਨਜੀਤ ਉਡਾਰੀ, ਪ੍ਰੋ. ਨਰਵਿੰਦਰ ਕੌਸ਼ਲ, ਦਲੀਪ ਮਿਸ਼ਰਾ, ਅਸ਼ਵਨੀ ਸ਼ਰਮਾ, ਯਾਦਵਿੰਦਰ ਹਨੀ, ਸੋਨੂੰ ਸੈਣੀ ਅਤੇ ਸੰਦੀਪ ਸਿੰਘ ਆਦਿ ਬੈਠੇ।
ਸੰਸਥਾ ਦੇ ਆਗੂ ਸਤਿੰਦਰ ਸੈਣੀ ਨੇ ਕਿਹਾ ਕਿ ਸ਼ਹਿਰ ਦੇ ਬਾਜ਼ਾਰਾਂ ਅਤੇ ਹਰ ਸੜਕ ਉੱਪਰ ਲਾਵਾਰਿਸ ਪਸ਼ੂ ਘੁੰਮ ਰਹੇ ਹਨ। ਸ਼ਹਿਰ ਵਾਸੀ ਆਪਣੇ ਆਪ ਨੂੰ ਅਣਸੁਰੱਖਿਅਤ ਮਹਿਸੂਸ ਕਰ ਰਹੇ ਹਨ। ਨਿੱਤ ਦਿਨ ਸੜਕ ਹਾਦਸੇ ਵਾਪਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਗਊ ਸੈੱਸ ਵਸੂਲਣ ਦੇ ਬਾਵਜੂਦ ਪਸ਼ੂਆਂ ਦੀ ਸੰਭਾਲ ਤੋਂ ਪਾਸਾ ਵੱਟ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਤੁਰੰਤ ਇਸ ਸਮੱਸਿਆ ਵੱਲ ਧਿਆਨ ਦੇ ਕੇ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਲੋਕਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਮਿਲ ਸਕੇ। ਸਮਾਜ ਸੇਵੀਆਂ ਨੇ ਮੰਗ ਕੀਤੀ ਕਿ ਸ਼ਹਿਰ ਵਿਚ ਲਾਵਾਰਿਸ ਪਸ਼ੂਆਂ ਦੀ ਸਮੱਸਿਆ ਨੂੰ ਤੁਰੰਤ ਦੂਰ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਲਾਵਾਰਿਸ ਪਸ਼ੂਆਂ ਦੀ ਸਮੱਸਿਆ ਦਾ ਮੁੱਦਾ ਭਖਿਆ ਹੋਇਆ ਹੈ। ਬਲਾਕ ਕਾਂਗਰਸ, ਤਰਕਸ਼ੀਲ ਸੁਸਾਇਟੀ, ਸੋਸ਼ਲ ਵੈੱਲਫ਼ੇਅਰ ਐਸੋਸੀਏਸ਼ਨ ਆਦਿ ਸਣੇ ਹੋਰ ਜਥੇਬੰਦੀਆਂ ਵਲੋਂ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪੇ ਜਾ ਚੁੱਕੇ ਹਨ।