ਪੱਤਰ ਪ੍ਰੇਰਕ
ਸ਼ੇਰਪੁਰ, 9 ਜੁਲਾਈ
ਸਥਾਨਕ ਬੜੀ ਰੋਡ ’ਤੇ ਪੱਤੀ ਖਲੀਲ ਨਾਲ ਸਬੰਧਿਤ ਮੁਸਲਿਮ ਭਾਈਚਾਰੇ ਦੀ ਕਬਰਿਸਤਾਨ ਜਗ੍ਹਾ ’ਤੇ ਅਧੂਰੇ ਪਏ ਕੁੱਝ ਕੰਮਾਂ ਨੂੰ ਕਰਵਾਉਣ ਲਈ ਭਾਈਚਾਰੇ ਦੇ ਨੁਮਾਇੰਦਿਆਂ ਨੇ ਸਰਪੰਚ ਰਣਜੀਤ ਸਿੰਘ ਧਾਲੀਵਾਲ ਕੋਲ ਆਪਣੀ ਮੰਗ ਰੱਖੀ ਸੀ। ਇਸ ਦੇ ਮੱਦੇਨਜ਼ਰ ਕਬਰਿਸਤਾਨ ਦਾ ਤੁਰੰਤ ਕੰਮ ਸ਼ੁਰੂ ਹੋ ਜਾਣ ਤੋਂ ਸਬੰਧਤ ਲੋਕ ਬਾਗੋਬਾਗ ਹਨ। ਸਰਪੰਚ ਧਾਲੀਵਾਲ ਨੇ ਦੱਸਿਆ ਕਿ ਸਮੱਸਿਆ ਸੀ ਕਿ ਪੱਤੀ ਖਲੀਲ ਤੇ ਸ਼ੇਰਪੁਰ ਦੀਆਂ ਦੋ ਵੱਖੋ-ਵੱਖ ਪੰਚਾਇਤਾਂ ਹਨ। ਇਹ ਕਬਰਿਸਤਾਨ ਪੱਤੀ ਖਲੀਲ ਵਿੱਚ ਹੋਣ ਦੇ ਬਾਵਜੂਦ ਭਾਈਚਾਰੇ ਦੇ ਲੋਕਾਂ ਨੇ ਉਨ੍ਹਾਂ ਕੋਲ ਆਪਣੀਆਂ ਮੰਗਾਂ ਰੱਖੀਆਂ ਸਨ। ਹੁਣ ਕਬਰਿਸਤਾਨ ਦੀ ਚਾਰਦਿਵਾਰੀ ਨੂੰ ਉੱਚਾ ਚੁੱਕਿਆ ਜਾ ਰਿਹਾ ਹੈ, ਰੈਂਪ ਬਣਾਇਆ ਜਾ ਰਿਹਾ ਹੈ ਅਤੇ ਅੰਦਰਲੇ ਪਾਸੇ ਪਏ ਅਧੂਰੇ ਖੜਵੰਜਿਆਂ ਦੇ ਕੰਮ ਨੂੰ ਵੀ ਪੂਰਾ ਕੀਤਾ ਜਾ ਰਿਹਾ ਹੈ। ਮੁਸਲਿਮ ਭਾਈਚਾਰੇ ਵੱਲੋਂ ਕਬਰਿਸਤਾਨ ਦੇ ਪਿਛਲੇ ਪਾਸੇ ਵਾਲੀ ਢਹਿ ਚੁੱਕੀ ਕੰਧ ਬਣਾਉਣ ਦੀ ਮੰਗ ਹਾਲੇ ਵਿਚਾਰਨਯੋਗ ਹੈ। ਇਸ ਮੌਕੇ ਦਰਸ਼ਨ ਸਿੰਘ ਸ਼ੇਰਪੁਰੀ ਅਤੇ ਮੁਸਲਿਮ ਭਾਈਚਾਰੇ ਦੇ ਆਗੂ ਹਾਜ਼ਰ ਸਨ।