ਗੁਰਦੀਪ ਸਿੰਘ ਲਾਲੀ
ਸੰਗਰੂਰ, 13 ਨਵੰਬਰ
ਦੀਵਾਲੀ ਦਾ ਤਿਉਹਾਰ ਹੋਣ ਦੇ ਬਾਵਜੂਦ ਸੈਂਕੜੇ ਕਿਸਾਨ ਬੀਬੀਆਂ ਕਿਸਾਨ ਅੰਦੋਲਨ ’ਚ ਮੋਰਚੇ ’ਤੇ ਡਟੀਆਂ ਹੋਈਆਂ ਹਨ। ਕਿਸਾਨ ਬੀਬੀਆਂ ਦਾ ਕਹਿਣਾ ਹੈ ਕਿ ਤਿਉਹਾਰ ਤਾਂ ਹੀ ਚੰਗੇ ਲੱਗੇਣਗੇ, ਜੇ ਜ਼ਮੀਨਾਂ ਬਚਣਗੀਆਂ। ਜ਼ਮੀਨਾਂ ਬਚਾਉਣ ਲਈ ਉਹ ਮੋਰਚੇ ’ਤੇ ਡਟੀਆਂ ਹੋਈਆਂ ਹਨ। ਸੈਂਕੜੇ ਕਿਸਾਨ ਬੀਬੀਆਂ ਇਥੇ ਭਾਜਪਾ ਆਗੂ ਸਤਵੰਤ ਸਿੰਘ ਪੂਨੀਆਂ ਦੇ ਘਰ ਅੱਗੇ, ਖੇੜੀ ਰਿਲਾਇੰਸ ਪੰਪ ਅੱਗੇ ਤੇ ਲੱਡਾ ਟੌਲ ਪਲਾਜ਼ਾ ਅੱਗੇ ਰੋਸ ਧਰਨਿਆਂ ’ਚ ਖੇਤੀ ਕਾਨੂੰਨ ਰੱਦ ਕਰਾਉਣ ਲਈ ਚੱਲ ਰਹੇ ਕਿਸਾਨ ਅੰਦੋਲਨ ’ਚ ਮੋਦੀ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕਰ ਰਹੀਆਂ ਹਨ। ਇਥੇ ਭਾਜਪਾ ਆਗੂ ਦੇ ਘਰ ਅੱਗੇ 32 ਦਿਨਾਂ ਤੋਂ ਰੋਸ ਧਰਨਾ ਜਾਰੀ ਹੈ। ਰੋਜ਼ਾਨਾ ਵੱਡੀ ਤਾਦਾਦ ’ਚ ਕਿਸਾਨ ਬੀਬੀਆਂ ਪੁੱਜ ਰਹੀਆਂ ਹਨ। ਰੋਸ ਧਰਨੇ ’ਚ ਸ਼ਾਮਲ ਅਮਰਜੀਤ ਕੌਰ ਲੋਹਾਖੇੜਾ, ਗੁਰਮੇਲ ਕੌਰ, ਹਰਜੀਤ ਕੌਰ ਬਾਲੀਆਂ, ਸਵਰਨ ਕੌਰ ਅਤੇ ਬਲਜਿੰਦਰ ਕੌਰ ਦਾ ਕਹਿਣਾ ਹੈ ਕਿ ਜ਼ਮੀਨਾਂ ਨਾਲ ਹੀ ਸਾਰੀਆਂ ਖੁਸ਼ੀਆਂ ਤੇ ਤਿਉਹਾਰ ਜੁੜੇ ਹੋਏ ਹਨ। ਕਿਸਾਨ ਦੀ ਆਰਥਿਕਤਾ ਦੀ ਨੀਂਹ ਜ਼ਮੀਨ ਹੀ ਹੈ। ਕੇਂਦਰ ਸਰਕਾਰ ਵੱਲੋਂ ਖੇਤੀ ਮਾਰੂ ਕਾਲੇ ਕਾਨੂੰਨ ਲਿਆ ਕੇ ਪੰਜਾਬ ਦੀ ਕਿਸਾਨੀ ਨੂੰ ਵੰਗਾਰਿਆ ਹੈ।
ਕਿਸਾਨਾਂ ਦਾ ਰੋਹ ਭਖਿਆ
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ) ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਟੌਲ ਪਲਾਜਾ ਮਾਝੀ, ਟੌਲ ਪਲਾਜ਼ਾ ਕਾਲਾਝਾੜ ਅਤੇ ਰਿਲਾਇੰਸ ਪੰਪ ਬਾਲਦ ਕਲਾਂ ਵਿੱਚ ਅੱਜ 44 ਵੇਂ ਦਿਨ ਵੀ ਧਰਨੇ ਜਾਰੀ ਰੱਖੇ ਗਏ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਹੇਠ ਭਵਾਨੀਗੜ੍ਹ-ਨਾਭਾ ਮੁੱਖ ਮਾਰਗ ਤੇ ਸਥਿਤ ਟੌਲ ਪਲਾਜ਼ਾ ਮਾਝੀ ਵਿੱਚ ਧਰਨੇ ਨੂੰ ਸੰਬੋਧਨ ਕਰਦੇ ਹੋਏ ਬਲਾਕ ਦੇ ਆਗੂ ਰਣਧੀਰ ਸਿੰਘ ਭੱਟੀਵਾਲ, ਸੁਖਦੇਵ ਸਿੰਘ ਬਾਲਦ, ਅੰਗਰੇਜ਼ ਸਿੰਘ, ਬੁੱਧ ਸਿੰਘ ਬਾਲਦ, ਹਰਭਜਨ ਸਿੰਘ ਬਖੋਪੀਰ, ਲਾਭ ਸਿੰਘ ਭੜੋ, ਨੰਦ ਸਿੰਘ ਬਲਿਆਲ, ਸੁਰਜੀਤ ਕੌਰ ਮਾਝੀ ਨੇ ਕਿਹਾ ਕਿ ਕਿਸਾਨਾਂ ਦੇ ਦ੍ਰਿੜ੍ਹ ਸੰਘਰਸ਼ ਸਦਕਾ ਮੋਦੀ ਸਰਕਾਰ ਪੰਜਾਬ ਦੇ ਕਿਸਾਨ ਨੁਮਾਇੰਦਿਆਂ ਨਾਲ ਗੱਲਬਾਤ ਕਰਨ ਲਈ ਮਜਬੂਰ ਹੋਈ ਹੈ।