ਗੁਰਦੀਪ ਸਿੰਘ ਲਾਲੀ
ਸੰਗਰੂਰ, 27 ਅਗਸਤ
ਡਿਪਟੀ ਕਮਿਸ਼ਨਰ ਰਾਮਵੀਰ ਨੇ ਕਿਹਾ ਕਿ ਖੇਤੀਬਾੜੀ ਦੇ ਰਵਾਇਤੀ ਤਰੀਕਿਆਂ ਨਾਲ ਕਿਸਾਨਾਂ ਦੀ ਆਮਦਨ ’ਚ ਖੜ੍ਹੋਤ ਆਉਣ ਤੇ ਖੇਤੀ ਲਾਗਤਾਂ ’ਚ ਵਾਧਾ ਹੋਣ ਕਾਰਨ ਘਾਟੇ ਦਾ ਸੌਦਾ ਬਣੀ ਕਿਸਾਨੀ ਨੂੰ ਬਚਾਉਣ ਲਈ ਕਿਸਾਨਾਂ ਨੂੰ ਖੇਤੀ ’ਚ ਨਵੀਆਂ ਤਕਨੀਕਾਂ ਦੇ ਸਹਾਰੇ ਕੁਦਰਤੀ ਖੇਤੀ ਵੱਲ ਮੁੜਨਾ ਪਵੇਗਾ। ਉਹ ਪਿੰਡ ਸੋਹੀਆਂ ਵਿੱਚ ਅਗਾਂਹਵਧੂ ਕਿਸਾਨ ਅਮਨਦੀਪ ਸਿੰਘ ਦੇ ਜੈਵਿਕ ਖੇਤੀਬਾੜੀ ਵਾਲੇ ਫ਼ਾਰਮ ਦਾ ਦੌਰਾ ਕਰਨ ਪਹੁੰਚੇ ਸਨ। ਜੈਵਿਕ ਖੇਤੀ ਦੀ ਸ਼ੁਰੂਆਤ 2017 ’ਚ ਕਰਨ ਤੋਂ ਬਾਅਦ ਅਮਨਦੀਪ ਅੱਜ ਤੱਕ ਬਿਨਾਂ ਕਿਸੇ ਕੈਮੀਕਲ ਖਾਦ ਜਾਂ ਸਪਰੇਅ ਦੀ ਵਰਤੋਂ ਕੀਤੇ ਵਾਤਾਵਰਨ ਨੂੰ ਨੁਕਸਾਨ ਪਹੁੰਚਾਏ ਬਿਨਾਂ ਕੁਦਰਤੀ ਤਰੀਕੇ ਨਾਲ ਖੇਤੀ ਕਰ ਰਿਹਾ ਹੈ। ਕਿਸਾਨ ਅਮਨਦੀਪ ਵੱਲੋਂ ਅੱਜ 3 ਏਕੜ ਰਕਬੇ ’ਚ ਜੈਵਿਕ ਸਬਜ਼ੀਆਂ ਜਿਵੇਂ ਗੋਭੀ, ਬਰੌਕਲੀ, ਗਾਜਰ, ਪਿਆਜ਼, ਮਟਰ, ਘੀਆ, ਖੀਰਾ, ਹਲਦੀ ਅਤੇ ਅਦਰਕ ਤੋਂ ਇਲਾਵਾ ਹੋਰ ਮੌਸਮੀ ਸਬਜ਼ੀਆਂ ਉਗਾਉਂਦਾ ਹੈ। ਸਬਜ਼ੀਆਂ ’ਤੇ ਕੀੜਿਆਂ-ਸੁੰਡੀਆਂ ਤੇ ਉੱਲੀ ਰੋਗਾਂ ਦੇ ਇਲਾਜ ਲਈ ਅਮਨਦੀਪ ਵੱਲੋਂ ਆਪਣੇ ਫ਼ਾਰਮ ’ਤੇ ਹੀ ਕੁਦਰਤੀ ਤਰੀਕੇ ਨਾਲ ਤਿਆਰ ਕੀਤੇ ਗਏ ਤਰਲ ਪਦਾਰਥਾਂ ਦੀ ਸਪਰੇਅ ਕੀਤੀ ਜਾਂਦੀ ਹੈ ਜਿਨ੍ਹਾਂ ਦਾ ਸਿਹਤ ’ਤੇ ਮਾੜਾ ਅਸਰ ਨਹੀਂ ਪੈਂਦਾ। ਡਿਪਟੀ ਕਮਿਸ਼ਨਰ ਨੇ ਅਮਨਦੀਪ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੋਰਨਾਂ ਕਿਸਾਨਾਂ ਨੂੰ ਵੀ ਆਪਣੀ ਘਰੇਲੂ ਬਗੀਚੀ ਅਤੇ ਘੱਟੋ-ਘੱਟ ਆਪਣੇ ਪਰਿਵਾਰ ਵਾਸਤੇ ਲੋੜੀਂਦਾ ਅਨਾਜ ਤੇ ਸਬਜ਼ੀਆਂ ਜੈਵਿਕ ਢੰਗ ਨਾਲ ਬਿਜਣੀਆਂ ਚਾਹੀਦੀਆਂ ਹਨ।
ਡੀਸੀ ਨੇ ਮੁੱਖ ਖੇਤੀਬਾੜੀ ਅਫ਼ਸਰ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ’ਚ ਕੁਦਰਤੀ ਤਰੀਕੇ ਨਾਲ ਤਿਆਰ ਕੀਤੇ ਗਏ ਉਤਪਾਦਾਂ ਅਤੇ ਸਬਜ਼ੀਆਂ ਦੀ ਮਾਰਕੀਟਿੰਗ ਸਬੰਧੀ ਵਿਸ਼ੇਸ਼ ਉਪਰਾਲੇ ਕੀਤੇ ਜਾਣ ਤਾਂ ਜੋ ਅਗਾਂਹਵਧੂ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਹੋ ਸਕੇ ਅਤੇ ਉਨ੍ਹਾਂ ਨੂੰ ਆਪਣੇ ਉਤਪਾਦ ਵੇਚਣ ਲਈ ਦੂਰ ਨਾ ਜਾਣਾ ਪਵੇ। ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਜੇ ਕੋਈ ਕਿਸਾਨ ਜੈਵਿਕ ਖੇਤੀ ਅਪਣਾਉਣ ਦਾ ਇਛੁੱਕ ਹੈ ਜਾਂ ਇਸ ਸਬੰਧੀ ਲੋੜੀਂਦੀ ਸਿਖਲਾਈ ਲੈਣਾ ਚਾਹੁੰਦਾ ਹੈ ਤਾਂ ਬਲਾਕ ਦੇ ਖੇਤੀਬਾੜੀ ਅਫ਼ਸਰ ਜਾਂ ਉਨ੍ਹਾਂ ਦੇ ਦਫ਼ਤਰ ਨਾਲ ਸੰਪਰਕ ਕਰ ਸਕਦਾ ਹੈ।