ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 15 ਸਤੰਬਰ
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਖੇਤਰੀ ਸਰਸ ਮੇਲੇ ਨੂੰ ਸਫ਼ਲ ਬਣਾਉਣ ਲਈ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣ ਦੇ ਆਦੇਸ਼ ਦਿੱਤੇ।
ਸ੍ਰੀ ਜੋਰਵਾਲ ਨੇ ਕਿਹਾ, ‘‘8 ਤੋਂ 17 ਅਕਤੂਬਰ ਤੱਕ ਲੱਗਣ ਵਾਲੇ ਖੇਤਰੀ ਸਰਸ ਮੇਲੇ ਵਿੱਚ ਦੇਸ਼ ਭਰ ਤੋਂ ਵੱਡੀ ਗਿਣਤੀ ਸ਼ਿਲਪਕਾਰ ਤੇ ਕਲਾਕਾਰ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਲਈ ਪਹੁੰਚ ਰਹੇ ਹਨ ਅਤੇ ਸਾਨੂੰ ਆਪਣੇ ਇਨ੍ਹਾਂ ਮਹਿਮਾਨਾਂ ਦਾ ਪੂਰੇ ਜੋਸ਼ੋ ਖਰੋਸ਼ ਨਾਲ ਸਵਾਗਤ ਕਰਨਾ ਚਾਹੀਦਾ ਹੈ।’’ ਉਨ੍ਹਾਂ ਕਿਹਾ ਕਿ ਵੱਖ-ਵੱਖ ਰਾਜਾਂ ਤੋਂ ਆਉਣ ਵਾਲੇ ਇਹ ਹੁਨਰਮੰਦ ਲੋਕ ਆਪਣੇ ਰਵਾਇਤੀ ਲੋਕ ਨਾਚਾਂ ਤੇ ਕਲਾ ਨੂੰ ਦੇਸ਼ ਦੇ ਕੋਣੇ ਕੋਣੇ ਵਿੱਚ ਪਹੁੰਚਾਉਣ ਲਈ ਦਿਲ ਲਗਾ ਕੇ ਮਿਹਨਤ ਕਰਦੇ ਹਨ, ਇਸ ਲਈ ਖੇਤਰੀ ਸਰਸ ਮੇਲਾ ਇਨ੍ਹਾਂ ਲਈ ਇੱਕ ਬਿਹਤਰੀਨ ਮੰਚ ਸਾਬਿਤ ਹੋਵੇਗਾ। ਡਿਪਟੀ ਕਮਿਸ਼ਨਰ ਨੇ ਸਰਸ ਮੇਲੇ ਦੀ ਸਫ਼ਲਤਾ ਲਈ ਪ੍ਰਸ਼ਾਸਨਿਕ ਪੱਧਰ ’ਤੇ ਗਠਿਤ ਕੀਤੀਆਂ ਸਬ ਕਮੇਟੀਆਂ ਦੇ ਇੰਚਾਰਜਾਂ ਕੋਲੋਂ ਹੁਣ ਤੱਕ ਕੀਤੇ ਗਏ ਕੰਮਾਂ ਦੀ ਪ੍ਰਗਤੀ ਦਾ ਵਿਸਥਾਰ ਵਿੱਚ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੀ ਨਿਗਰਾਨੀ ਹੇਠ ਸਮੁੱਚੇ ਪ੍ਰਬੰਧ ਸਮੇਂ ਸਿਰ ਨੇਪਰੇ ਚੜ੍ਹਾਏ ਜਾਣ ਅਤੇ ਸੌਂਪੀ ਗਈ ਜ਼ਿੰਮੇਵਾਰੀ ਨਿਭਾਉਣ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ।