ਪੱਤਰ ਪ੍ਰੇਰਕ
ਸੰਗਰੂਰ, 17 ਮਈ
ਰਾਸ਼ਨ ਡਿੱਪੂ ਹੋਲਡਰ ਫ਼ੈੱਡਰੇਸ਼ਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਵੱਲੋਂ ਡਿੱਪੂ ਹੋਲਡਰਾਂ ਦੀਆਂ ਮੰਗਾਂ ਸਬੰਧੀ ਡਿਪਟੀ ਕਮਿਸ਼ਨਰ ਸੰਗਰੂਰ ਰਾਹੀਂ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ| ਉਨ੍ਹਾਂ ਮੰਗ ਪੱਤਰ ਰਾਹੀਂ ਮੰਗ ਕੀਤੀ ਕਿ ਈ-ਪੋਸ ਮਸ਼ੀਨਾਂ ਦੀ ਵਰਤੋਂ ਬੰਦ ਕਰਕੇ ਰਜਿਸਟਰਾਂ ਰਾਹੀਂ ਕਣਕ ਦੀ ਸਪਲਾਈ ਕਰਨ, ਤਾਲਾਬੰਦੀ ਦੌਰਾਨ ਪ੍ਰਧਾਨ ਮੰਤਰੀ ਯੋਜਨਾ ਤਹਿਤ ਪੰਜ ਮਹੀਨਿਆਂ ਦੀ ਵੰਡੀ ਕਣਕ ਦਾ ਕਮਿਸ਼ਨ ਦੇਣ, ਚਾਰ ਸਾਲਾਂ ਦਾ ਬਕਾਇਆ ਲੋਡਿੰਗ, ਅਨਲੋਡਿੰਗ ਅਤੇ ਟਰਾਂਸਪੋਰਟ ਦਿਵਾਉਣ, ਕੋਵਿਡ-19 ਦੌਰਾਨ ਸ਼ਹੀਦ ਹੋਏ ਡਿੱਪੂ ਹੋਲਡਰਾਂ ਦੇ ਪਰਿਵਾਰਾਂ ਨੂੰ 50-50 ਮੁਆਵਜ਼ਾ ਅਤੇ ਇੱਕ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ, ਡਿੱਪੂ ਹੋਲਡਰਾਂ ਨੂੰ ਸੇਲਜ਼ਮੈਨ ਦੇ ਬਰਾਬਰ ਤਨਖਾਹ/ਭੱਤਾ ਦੇਣ, ਕਮਿਸ਼ਨ ਵਿਚ ਵਾਧ ਕਰਨ ਅਤੇ ਰਾਸ਼ਨ ਵੰਡਣ ਸਮੇਂ ਕਾਰਡਧਾਰਕਾਂ ਨੂੰ ਸਰਕਾਰ ਵੱਲੋਂ ਸੈਨੇਟਾਈਜ਼ਰ ਅਤੇ ਮਾਸਕ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਗਈ, ਜਿਸ ਦਾ ਰਾਸ਼ਨ ਡਿੱਪੂ ਹੋਲਡਰ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਰਿੰਦਰ ਸਿੰਘ ਛਿੰਦਾ ਨੇ ਵੀ ਸਮਰਥਨ ਕੀਤਾ| ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਨੇ ਕਿਹਾ ਕਿ ਅੱਜ ਉਨ੍ਹਾਂ ਡਿਪਟੀ ਕਮਿਸ਼ਨਰ ਸੰਗਰੂਰ ਅਤੇ ਜ਼ਿਲ੍ਹਾ ਫੂਡ ਸਪਲਾਈ ਤੇ ਕੰਟਰੋਲਰ ਸੰਗਰੂਰ ਰਾਹੀਂ ਮੰਗਾਂ ਸਬੰਧੀ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ ਗਿਆ ਹੈ| ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਹੱਲ ਨਾ ਕੀਤਾ ਤਾਂ ਸਮੂਹ ਡਿੱਪੂ ਹੋਲਡਰ ਮਜਬੂਰਨ 1 ਜੂਨ ਤੋਂ ਹੜਤਾਲ ਕਰਨ ਲਈ ਮਜਬੂਰ ਹੋਣਗੇ|